
ਗੁਰੂਹਰਸਹਾਏ (ਫਿਰੋਜ਼ਪੁਰ), 1 ਮਾਰਚ (ਕਪਿਲ ਕੰਧਾਰੀ)-ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਪੂਰੇ ਪੰਜਾਬ ਭਰ ਵਿਚ ਕਾਸੋ ਆਪਰੇਸ਼ਨ ਚਲਾਇਆ ਗਿਆ। ਗੁਰੂਹਰਸਹਾਏ ਤੇ ਆਸ-ਪਾਸ ਦੇ ਪਿੰਡਾਂ ਵਿਚ ਵੀ ਕਾਸੋ ਆਪਰੇਸ਼ਨ ਤਹਿਤ ਡੀ. ਐੱਸ. ਪੀ. ਅਤੇ ਥਾਣਾ ਗੁਰੂਹਰਸਹਾਏ ਦੇ ਮੁਖੀ ਜਗਦੀਪ ਸਿੰਘ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਪਿੰਡ ਝਾਵਲਾ, ਪਿੰਡ ਕਾਹਨ ਸਿੰਘ ਵਾਲਾ, ਗੁਰੂ ਕਰਮ ਸਿੰਘ ਬਸਤੀ ਆਦਿ ਵੱਖ-ਵੱਖ ਪਿੰਡਾਂ ਵਿਚ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮਾੜੇ ਅਨਸਰਾਂ ਅਤੇ ਨਸ਼ੇ ਦਾ ਧੰਦਾ ਕਰਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ ਅਤੇ ਬਾਰੀਕੀ ਨਾਲ ਉਨ੍ਹਾਂ ਦੇ ਘਰਾਂ ਦੀ ਛਾਣਬੀਣ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਅੱਜ ਸ਼ਹਿਰ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿਚ ਨਸ਼ਿਆਂ ਦਾ ਕਾਰੋਬਾਰ ਕਰਦੇ ਕਈ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਸਮੱਗਲਰ ਅਤੇ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।