28-02-2025
ਅਮਰੀਕੀ ਫੰਡਿੰਗ ਚਿੰਤਾਜਨਕ
ਬੀਤੇ ਦਿਨੀਂ ਅਮਰੀਕਾ ਸਰਕਾਰ ਦੇ ਕੁਸ਼ਲਤਾ ਵਿਭਾਗ (ਯੂ.ਐਸ. ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ਿਐਂਸੀ) ਦੁਆਰਾ ਵਿਦੇਸ਼ੀ ਸਹਾਇਤਾ ਏਜੰਸੀ ਯੂ.ਐਸ.ਏਡ. (ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ) ਦੁਆਰਾ 'ਭਾਰਤ ਵਿਚ ਵੋਟਰ ਟਰਨਆਊਟ' ਵਧਾਉਣ ਲਈ ਅਲਾਟ ਕੀਤੇ ਗਏ 21 ਮਿਲੀਅਨ ਡਾਲਰ (ਲਗਭਗ 180 ਕਰੋੜ ਰੁਪਏ) ਦੀ ਕਟੌਤੀ ਦੇ ਐਲਾਨ ਕਰਨ ਨਾਲ ਛਿੜਿਆ ਵਿਵਾਦ ਸੱਚਮੁਚ ਪ੍ਰੇਸ਼ਾਨ ਕਰਨ ਵਾਲਾ ਹੈ ਇਹ ਖੁਲਾਸੇ ਅਤਿ ਗੰਭੀਰ ਤੇ ਚਿੰਤਾਜਨਕ ਹਨ ਕਿਉਂਕਿ ਇਹ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਵੱਲ ਇਸ਼ਾਰਾ ਹੈ।
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੂ.ਐਸ. ਏਡ. ਵਲੋਂ ਇਸ ਫੰਡਿਕ 'ਤੇ ਸਵਾਲ ਉਠਾਉਂਦਿਆਂ ਟਿੱਪਣੀ ਕਰਨਾ ਕਿ ਕੀ ਇਹ ਕਿਸੇ ਹੋਰ ਨੂੰ ਚੁਣਨ ਦੀ ਕੋਸ਼ਿਸ਼ ਸੀ, ਬੇਹੱਦ ਹੈਰਾਨ ਕਰਨ ਵਾਲਾ ਹੈ। ਇਸ ਮੁੱਦੇ ਦੀ ਸੰਬੰਧਿਤ ਏਜੰਸੀਆਂ ਵਲੋਂ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ ਅਤੇ ਇਹ ਵਿਅਕਤੀ ਜਾਂ ਆਗੂ (ਭਾਵੇਂ ਉਨ੍ਹਾਂ ਦੀ ਸਿਆਸੀ ਵਫ਼ਾਦਾਰੀ ਕਿਸੇ ਨਾਲ ਵੀ ਹੋਵੇ) ਜਾਂ ਸਿਆਸੀ ਪਾਰਟੀਆਂ ਜੋ ਇਸ ਵਿਚ ਸ਼ਾਮਿਲ ਹੋਣ, ਉਨ੍ਹਾਂ ਨੂੰ ਬੇਨਕਾਬ ਕਰ ਕੇ ਕਾਨੂੰਨ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਬੇਸ਼ੱਕ, ਜਾਗਰੂਕ ਦੇਸ਼ ਵਾਸੀਆਂ ਨੂੰ ਇਸ ਦਾ ਬੇਸਬਰੀ ਨਾਲ ਉਡੀਕ ਹੈ।
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।
ਕਿੰਝ ਲੱਗੇ ਨਕਲ ਨੂੰ ਨਕੇਲ?
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਵੱਖ-ਵੱਖ ਕਲਾਸਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਕਲ ਨੂੰ ਰੋਕਣ ਵਾਸਤੇ 278 ਉੱਡਣ ਦਸਤੇ ਬਣਾਏ ਗਏ ਹਨ। ਇਹ ਇਕ ਚੰਗਾ ਉਪਰਾਲਾ ਹੈ ਪਰ ਇਸ ਦੇ ਬਾਵਜੂਦ ਨਕਲ ਨੂੰ ਨਕੇਲ ਉਦੋਂ ਤੱਕ ਅਸੰਭਵ ਹੈ ਜਦੋਂ ਤੱਕ ਅਧਿਆਪਕ ਤੇ ਵਿਦਿਆਰਥੀ ਨਕਲ ਰੋਕਣ ਦਾ ਖ਼ੁਦ ਤਹੱਈਆ ਨਹੀਂ ਕਰਦੇ।
-ਲੈਕਚਰਾਰ ਅਜੀਤ ਖੰਨਾ
ਅਕਾਲੀ ਦਲ ਦਾ ਸੰਕਟ
19 ਫਰਵਰੀ, 2025 ਦੀ ਸੰਪਾਦਕੀ ਵਿਚਾਰਨਯੋਗ ਹੈ, ਜਿਸ 'ਚ ਵੱਖ-ਵੱਖ ਦੌਰਾਂ ਦੌਰਾਨ ਬੇਹੱਦ ਕੱਦਾਵਰ ਸਿੱਖ ਆਗੂਆਂ ਦੇ ਨਾਂਅ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੇ ਯੁੱਗ ਨੂੰ ਯਾਦ ਕਰਵਾਇਆ ਗਿਆ ਹੈ। ਸੱਚਮੁੱਚ ਉਹ ਸਾਰੇ ਸਿੱਖ ਆਗੂ ਸਿਰਫ਼ ਆਦਰਸ਼ਕ ਹੀ ਨਹੀਂ, ਸਗੋਂ ਉੱਚਤਮ ਪੱਧਰ ਦੇ ਆਗੂ ਸਨ। ਬੇਸ਼ੱਕ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਵੀ ਬਹੁਤ ਵੱਡੀਆਂ ਸਨ।
ਸੰਪਾਦਕੀ ਦਾ ਦੂਸਰਾ ਬੇਹੱਦ ਮਹੱਤਵਪੂਰਨ ਭਾਗ ਹੁਣੇ-ਹੁਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੋਮਣੀ ਸਿੱਖ ਸੰਸਥਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋ ਜਾਣ ਅਤੇ ਕੁਝ ਹੀ ਸਮਾਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਸਨਮਾਨਯੋਗ ਅਹੁਦੇ ਤੋਂ ਲਾਹੁਣ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਲਈ ਸੰਕਟ ਦਾ ਸਮਾਂ ਹੈ। ਧਾਮੀ ਜਿਹੇ ਨਿਸ਼ਕਾਮ ਅਤੇ ਸੁਘੜ ਆਗੂ ਨੂੰ ਗਵਾਉਣ ਦਾ ਦੁੱਖ ਅਤੇ ਵਿਗੋਚਾ ਕਿਸੇ ਤਰ੍ਹਾਂ ਵੀ ਪੂਰਿਆ ਨਹੀਂ ਜਾ ਸਕੇਗਾ।
-ਸੁਰਿੰਦਰ ਸਿੰਘ ਨਿਮਾਣਾ
ਦਿੱਲੀ ਦੀ ਹਾਰ ਪੰਜਾਬ 'ਤੇ ਭਾਰੀ
ਦਿੱਲੀ ਨੇ ਭਾਜਪਾ ਨੂੰ ਨਵੀਂ ਸਰਕਾਰ ਬਣਾਉਣ ਲਈ ਪੂਰਨ ਬਹੁਮਤ ਨਾਲ ਚੁਣਿਆ ਹੈ। ਇਸ ਨਤੀਜੇ ਤੋਂ ਬਾਅਦ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 'ਆਪ' ਸਰਕਾਰ ਦੀ ਹਾਰ ਦਾ ਅਸਰ ਪੰਜਾਬ 'ਤੇ ਪੈ ਸਕਦਾ ਹੈ ਕਿਉਂਕਿ ਆਪ ਸਰਕਾਰ ਨੇ ਦਿੱਲੀ ਮਾਡਲ ਨੂੰ ਮੁੱਖ ਰੱਖਦਿਆਂ ਪੰਜਾਬ 'ਚ ਚੋਣਾਂ ਜਿੱਤੀਆਂ ਸਨ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰ ਦਿੱਗਜ ਨੇਤਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਹਾਰਨ ਤੋਂ ਬਾਅਦ ਕੇਜਰੀਵਾਲ ਨੇ ਪਹਿਲਾਂ ਹਾਰ ਦਾ ਮੰਥਨ ਕਰਨ ਲਈ ਉੱਥੋਂ ਦੇ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ। ਉਸ ਤੋਂ ਤੁਰੰਤ ਬਾਅਦ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਵੀ ਦਿੱਲੀ ਵਿਖੇ ਬੁਲਾ ਲਈ ਜਿਸ ਕਾਰਨ ਪੰਜਾਬ 'ਚ ਹੋਣ ਵਾਲੀ ਕੈਬਨਿਟ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ।
-ਹਰਜਸਪ੍ਰੀਤ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਕੋ ਵੇਲੇ ਚੋਣਾਂ ਕਰਵਾਉਣਾ ਵਧੀਆ ਕਦਮ
ਕੋਵਿੰਦ ਪੈਨਲ ਵਲੋਂ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਲਈ ਇਕੋ ਵੇਲੇ ਇਕੱਠੀਆਂ ਚੋਣਾਂ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਚੋਣਾਂ ਦੇ 100 ਦਿਨਾਂ ਦੇ ਫ਼ਰਕ 'ਤੇ ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪੈਨਲ ਨੇ ਇਸ ਮੁੱਦੇ 'ਤੇ ਰੋਡ ਮੈਪ ਤਿਆਰ ਕਰਨ ਸਮੇਂ ਕੁਝ ਅਹਿਮ ਸੰਵਿਧਾਨਕ ਸੋਧਾਂ ਦੀ ਵੀ ਸਿਫਾਰਿਸ਼ ਕੀਤੀ ਹੈ।
ਸੰਵਿਧਾਨ 'ਚ ਸੋਧ ਕਰਨੀ ਇੰਨੀ ਸੌਖੀ ਨਹੀਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਵਿਸ਼ਵਾਸ ਵਿਚੋਂ ਲੈਣਾ ਪਵੇਗਾ। ਇਸ ਸਿੱਟੇ 'ਤੇ ਪੁੱਜਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੈ। ਜੇਕਰ ਇਕੋ ਸਮੇਂ 'ਤੇ ਚੋਣਾਂ ਕਰਵਾਈਆਂ ਜਾਣ ਤਾਂ ਦੇਸ਼ ਦਾ ਵਿਕਾਸ ਹੋਵੇਗਾ ਜੋ ਖ਼ਰਚ ਵਾਰ-ਵਾਰ ਚੋਣਾਂ 'ਤੇ ਹੁੰਦਾ ਹੈ ਉਹ ਖ਼ਰਚ ਜਨਤਾ ਦੇ ਵਿਕਾਸ 'ਤੇ ਲੱਗੇਗਾ ਤੇ ਭਾਰਤ ਇਕ ਅਮੀਰ ਦੇਸ਼ ਬਣ ਜਾਵੇਗਾ।
-ਕ੍ਰਿਸ਼ਨ ਚੰਦ ਜੈਨ
ਐਡਵੋਕੇਟ, ਗ੍ਰੀਨ ਮਿਸ਼ਨ, ਰਾਮਪੁਰਾ ਫੂਲ।