
ਚੇਨਈ, 25 ਫਰਵਰੀ - ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀ.ਐਮ.ਕੇ. ਪ੍ਰਧਾਨ ਐਮ.ਕੇ. ਸਟਾਲਿਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਰਾਜ ਵਿਚ ਹਿੰਦੀ ਥੋਪ ਕੇ "ਭਾਸ਼ਾ ਯੁੱਧ ਦੇ ਬੀਜ ਬੀਜਣ" ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਹਿੰਦੀ ਦੇ ਦਬਦਬੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਸੂਬੇ 'ਤੇ ਹਿੰਦੀ ਥੋਪਣ ਦੀ ਇਜਾਜ਼ਤ ਨਹੀਂ ਦੇਣਗੇ। ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦਾ ਰਾਜ ਕਿਸੇ ਖਾਸ ਭਾਸ਼ਾ ਦੇ ਵਿਰੁੱਧ ਨਹੀਂ ਹੈ ਅਤੇ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਦੇ ਰਾਹ ਵਿਚ ਨਹੀਂ ਆਵੇਗਾ, ਪਰ ਉਹ ਕਿਸੇ ਹੋਰ ਭਾਸ਼ਾ ਨੂੰ ਮਾਤ ਭਾਸ਼ਾ ਤਾਮਿਲ ਉੱਤੇ ਹਾਵੀ ਹੋਣ ਅਤੇ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇਣ ਲਈ ਦ੍ਰਿੜ ਹੈ। ਇਸੇ ਕਰਕੇ ਅਸੀਂ ਦੋਭਾਸ਼ੀ ਨੀਤੀ (ਤਾਮਿਲ ਅਤੇ ਅੰਗਰੇਜ਼ੀ) ਦੀ ਪਾਲਣਾ ਕਰ ਰਹੇ ਹਾਂ ।