
ਗੁਰਦਾਸਪੁਰ, 25 ਫਰਵਰੀ (ਚੱਕਰਾਜਾ)-ਮੌਤ ਦਾ ਸਰਟੀਫਿਕੇਟ ਜਾਰੀ ਕਰਨ ਬਦਲੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਸਿਵਲ ਸਰਜਨ ਦਫਤਰ ਦੇ ਵਾਰਡ ਅਟੈਂਡੈਂਟ ਰਵਿੰਦਰ ਪਾਲ ਸਿੰਘ ਨੂੰ ਵਿਜੀਲੈਂਸ ਵਿਭਾਗ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਫੂਲਕੇ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਵਲੋਂ ਵਿਜੀਲੈਂਸ ਵਿਭਾਗ ਨੂੰ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਵਲੋਂ ਆਪਣੇ ਚਾਚੇ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਦੇ ਬਦਲੇ ਵਿਚ ਉਕਤ ਮੁਲਾਜ਼ਮ ਵਲੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਉਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਵਿਭਾਗ ਵਲੋਂ ਉਕਤ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ।