
ਮੱਖੂ (ਫਿਰੋਜ਼ਪੁਰ), 25 ਫਰਵਰੀ (ਵਰਿੰਦਰ ਮਨਚੰਦਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਅਨੇਕਾਂ ਕਾਤਲਾਂ ਵਿਚੋਂ ਇਕ ਸੱਜਣ ਕੁਮਾਰ, ਜਿਸ ’ਤੇ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਅਨੇਕਾਂ ਗੰਭੀਰ ਦੋਸ਼ ਸਨ, ਨੂੰ ਅੱਜ ਇਕ ਹੋਰ ਕੇਸ ਵਿਚ ਸਿਰਫ਼ ਉਮਰ ਕੈਦ ਦੀ ਸਜ਼ਾ ਮਿਲੀ ਹੈ ਜੋ ਕਿ ਉਹ ਪਹਿਲਾਂ ਹੀ ਅਲੱਗ-ਅਲੱਗ ਹੋਰ ਕੇਸਾਂ ਵਿਚ ਉਮਰ ਕੈਦ ਕੱਟ ਰਿਹਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸੀਨੀਅਰ ਵਕੀਲਾਂ, ਪੀੜਤ ਪਰਿਵਾਰਾਂ, ਮਨੁੱਖੀ ਅਧਿਕਾਰ ਸੰਗਠਨ ਨਾਲ ਮਿਲ ਕੇ ਲਗਾਤਾਰ ਇਨਸਾਫ਼ ਦਿਵਾਉਣ ਲਈ ਸੰਘਰਸ਼ ਲੜਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸੱਜਣ ਕੁਮਾਰ ਖ਼ਿਲਾਫ਼ ਗਵਾਹ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ, ਜੰਗਸ਼ੇਰ ਸਿੰਘ, ਗੁਰਚਰਨ ਸਿੰਘ ਰਿਸ਼ੀ, ਤੇਜਿੰਦਰ ਸਿੰਘ ਬਲੌਂਗੀ, ਗੁਰਬਚਨ ਸਿੰਘ ਕੌਹਲੀ ਸਮੇਤ ਅਨੇਕਾਂ ਗਵਾਹ ਜੋ ਕਿ ਇਨਸਾਫ਼ ਦੀ ਉਮੀਦ ਛੱਡ ਚੁੱਕੇ ਸੀ, ਅਸੀਂ ਅਦਾਲਤਾਂ ਦੇ ਸਾਹਮਣੇ ਉਨ੍ਹਾਂ ਦੇ ਮੁੜ ਬਿਆਨ ਦਰਜ ਕਰਵਾਏ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਹ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਉਪਰਲੀ ਅਦਾਲਤ ਵਿਚ ਜਾਣਗੇ।