
ਕਪੂਰਥਲਾ, 25 ਫਰਵਰੀ (ਅਮਨਜੋਤ ਸਿੰਘ ਵਾਲੀਆ)-ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀ ਨਾਲ ਕੁੱਟਕਾਰ ਕਰਨ ਦੇ ਮਾਮਲੇ ਸਬੰਧੀ ਜ਼ਖ਼ਮੀ ਹਵਾਲਾਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ ਪਰਮਜੀਤ ਸਿੰਘ ਵਾਸੀ ਰਾਏਪੁਰ ਗੁੱਜਰਾਂ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਵਜੋਂ ਬੰਦ ਹੈ ਤੇ ਕੰਟੀਨ ਵਿਚ ਕੰਮ ਕਰਦਾ ਹੈ। ਪੀੜਤ ਹਵਾਲਾਤੀ ਅਨੁਸਾਰ ਜਦੋਂ ਉਸ ਨੇ ਕੰਟੀਨ ਬੰਦ ਕੀਤੀ ਤਾਂ 4-5 ਹਵਾਲਾਤੀਆਂ ਨੇ ਉਸ ਨੂੰ ਕੰਟੀਨ ਤੋਂ ਬਾਹਰ ਆਉਂਦੇ ਸਮੇਂ ਘੇਰ ਲਿਆ ਤੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਜੇਲ੍ਹ ਵਾਰਡਨਾਂ ਨੇ ਛੁਡਵਾਇਆ ਅਤੇ ਇਲਾਜ ਲਈ ਹਸਪਤਾਲ ਵਿਖੇ ਲਿਆਂਦਾ ਗਿਆ। ਘਟਨਾ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਜੋ ਕਿ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ।