
ਜੰਡਿਆਲਾ ਗੁਰੂ (ਅੰਮ੍ਰਿਤਸਰ), 1 ਮਾਰਚ (ਪ੍ਰਮਿੰਦਰ ਸਿੰਘ ਜੋਸਨ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਐਸ.ਐਸ.ਪੀ. ਮਨਿੰਦਰ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਅਤੇ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ । ਇਸ ਮੌਕੇ ਜੰਡਿਆਲਾ ਗੁਰੂ ਦੇ ਮੁਹੱਲਾ ਸੇਖੁਪੁਰਾ ਅਤੇ ਹੋਰ ਮਹੱਲਿਆਂ ਨੂੰ ਵੱਡੀ ਤਾਦਾਦ ਵਿਚ ਪੁਲਿਸ ਮੁਲਾਜ਼ਮਾਂ ਨੇ ਸੀਲ ਕੀਤਾ ਹੋਇਆ ਸੀ । ਐਸ.ਐਸ.ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਫਰੀਜ਼ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸੇ ਦੌਰਾਨ ਹੀ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਵਿਖੇ ਕਿਹਾ ਕਿ ਹੁਣ ਨਸ਼ਾ ਤਸਕਰਾਂ ਦੇ ਬਹੁਤ ਮਾੜੇ ਦਿਨ ਹੋਣਗੇ। ਉਨ੍ਹਾਂ ਨੂੰ ਆਪਣੇ ਆਪ ਹੀ ਇਸ ਨਸ਼ਿਆਂ ਦੇ ਧੰਦੇ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਨੂੰ ਇਸ ਦੇ ਬਹੁਤ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।