ਫਗਵਾੜਾ ਨਗਰ ਨਿਗਮ ਲਈ ਮੇਅਰ ਦੀ ਚੋਣ 25 ਨੂੰ ਹੋਵੇਗੀ
ਫਗਵਾੜਾ, 22 ਜਨਵਰੀ (ਹਰਜੋਤ ਸਿੰਘ ਚਾਨਾ)-ਇਥੋਂ ਦੇ ਨਗਰ ਨਿਗਮ ਦੀ ਪਿਛਲੇ ਮਹੀਨੇ 21 ਦਸੰਬਰ ਨੂੰ ਹੋਈਆਂ ਚੋਣਾਂ ਦੇ ਸਬੰਧ ਵਿਚ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਉੱਪ ਮੇਅਰ ਦੀ ਚੋਣ ਤੇ ਸਹੁੰ ਚੁੱਕ ਸਮਾਗਮ 25 ਜਨਵਰੀ ਸ਼ਾਮ 4 ਵਜੇ ਆਡੀਟੋਰੀਅਮ ਹਾਲ ਵਿਖੇ ਹੋਵੇਗਾ। ਇਸ ਸਬੰਧੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਚੋਣ ਤੋਂ ਬਾਅਦ ਹੁਣ ਕੌਂਸਲਰ ਉਤਾਵਲੇ ਸਨ ਕਿ ਮੇਅਰ ਦੀ ਚੋਣ ਜਲਦ ਹੋਏ। ਕਾਂਗਰਸ ਕੋਲ ਵਧੇਰੇ ਬਹੁਮਤ ਹੋਣ ਕਰਕੇ ਕਾਂਗਰਸੀ ਕੌਂਸਲਰ ਚਿੰਤਤ ਸਨ ਕਿ ਸ਼ਾਇਦ ਸਰਕਾਰ ਇਸਨੂੰ ਹੋਰ ਲੰਬਾ ਸਮਾਂ ਨਾ ਲਟਕਾਏ। ਕਾਂਗਰਸ ਕੋਲ 22 ਕੌਂਸਲਰ ਹਨ ਤੇ 3 ਬਸਪਾ ਦੇ ਸਮਰਥੱਕ ਵੀ ਇਸ ਨਾਲ ਹਨ ਤੇ ਇਕ ਵਿਧਾਇਕ ਦੀ ਵੋਟ ਹੈ ਤੇ ਹੋਰ ਕੌਂਸਲਰ ਵੀ ਕਾਂਗਰਸ ਵਿਚ ਸ਼ਾਮਿਲ ਹੋਣ ਕਰਕੇ 27 ਮੈਂਬਰ ਇਨ੍ਹਾਂ ਦੇ ਖੇਮੇ ਵਿਚ ਹਨ। ਇਸ ਸਬੰਧ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੀ ਰਿਹਾਇਸ਼ ਉਤੇ ਤਿਆਰੀ ਸਬੰਧੀ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ 'ਆਪ' ਕੋਲ ਸਿਰਫ 12 ਮੈਂਬਰ ਹਨ ਪਰ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੀ ਯਤਨ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੀ ਮੇਅਰ ਬਣਾਉਣ ਦਾ ਮੌਕਾ ਮਿਲੇ ਪਰ ਇਹ ਤਾਂ 25 ਜਨਵਰੀ ਹੀ ਦੱਸੇਗੀ ਕਿ ਮੇਅਰ ਕਿਸ ਪਾਰਟੀ ਦਾ ਬਣਦਾ ਹੈ।