22-01-2025
ਅਵਾਰਾ ਕੁੱਤਿਆਂ ਦਾ ਹੱਲ ਕਰੇ ਪ੍ਰਸ਼ਾਸਨ
ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਅਵਾਰਾ ਕੁੱਤਿਆਂ ਵਲੋਂ ਵੱਢਣ ਨਾਲ ਬੱਚਿਆਂ ਦੀਆਂ ਮੌਤਾਂ ਤੇ ਜ਼ਖ਼ਮੀ ਹੋਣ ਦੀਆਂ ਖਬਰਾਂ ਮਿਲੀਆਂ ਹਨ। ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਹਾਜੀਪੁਰ ਵਿਖੇ ਇਕ ਛੋਟੀ ਬੱਚੀ ਨੂੰ ਅਵਾਰਾ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਮੁੱਲਾਂਪੁਰ ਦਾਖਾ ਵਿਖੇ ਪਤੰਗ ਲੁੱਟ ਰਹੇ ਛੋਟੇ 10 ਸਾਲਾ ਬੱਚੇ ਨੂੰ ਮਾਰ ਹੀ ਦਿੱਤਾ। ਅਵਾਰਾ ਕੁੱਤੇ ਬੱਚਿਆਂ ਅਤੇ ਹੋਰਾਂ ਦੀ ਜਾਨ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
-ਮਨਪ੍ਰੀਤ ਸਿੰਘ ਮੰਨਾ
ਪਿੰਡ ਚਿੱਪੜਾ, ਹੁਸ਼ਿਆਰਪੁਰ।
ਟਰੂਡੋ ਦੇ ਅਸਤੀਫ਼ੇ ਤੋਂ ਬਾਅਦ
ਪਿਛਲੇ ਦਿਨੀਂ ਅਜੀਤ ਦੇ ਅੰਕ ਵਿਚ ਛਪੀ ਸੰਪਾਦਕੀ 'ਟਰੂਡੋ ਦੇ ਅਸਤੀਫ਼ੇ ਤੋਂ ਬਾਅਦ' ਵਿਚ ਕੈਨੇਡਾ ਦੀ ਮੌਜੂਦਾ ਸਥਿਤੀ ਦਾ ਬਿਲਕੁਲ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ। ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਲਿਖੀ ਇਹ ਸੰਪਾਦਕੀ ਸਾਂਭਣਯੋਗ ਦਸਤਾਵੇਜ਼ ਬਣ ਗਈ ਹੈ।
ਕੈਨੇਡਾ ਨੂੰ ਪੰਜਾਬੀਆਂ ਦੀ ਸੁਪਨ ਨਗਰੀ ਕਿਹਾ ਜਾਂਦਾ ਹੈ। ਇਸੇ ਕਾਰਨ ਕੈਨੇਡਾ ਦੀ ਸਿਆਸਤ ਵਿਚ ਹੋ ਰਹੀ ਉਥਲ-ਪੁਥਲ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੇ ਵੱਡੀ ਗਿਣਤੀ ਵਸਨੀਕ ਉਥੇ ਵਾਪਰ ਰਹੀਆਂ ਸਿਆਸੀ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਵਸਨੀਕਾਂ ਦੇ ਬੱਚੇ ਕੈਨੇਡਾ ਰਹਿ ਰਹੇ ਹਨ, ਜੋ ਕਿ ਪੜ੍ਹਾਈ ਲਈ ਉਥੇ ਗਏ ਹੋਏ ਹਨ ਜਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੇ ਕੋਈ ਕੰਮ ਧੰਦਾ ਕਰ ਰਹੇ ਹਨ।
ਇਸੇ ਲਈ ਪੰਜਾਬੀ ਕੈਨੇਡਾ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਪਲ-ਪਲ ਲਗਾਤਾਰ ਟੀ.ਵੀ. ਚੈਨਲ ਜਾਂ ਅਖ਼ਬਾਰ ਜਾਂ ਵੈਬਸਾਈਟਾਂ 'ਤੇ ਖਬਰਾਂ ਪੜ੍ਹ ਸੁਣ ਰਹੇ ਹਨ, ਉਥੇ ਕੈਨੇਡਾ ਦੀ ਸਿਆਸਤ ਸੰਬੰਧੀ ਇਕ ਦੂਜੇ ਨਾਲ ਗੱਲਬਾਤ ਵੀ ਕਰਦੇ ਵੇਖੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਪੰਜਾਬੀ ਕੈਨੇਡਾ ਦੇ ਸਿਆਸੀ ਭਵਿੱਖ ਸੰਬੰਧੀ ਆਪੋ-ਆਪਣੇ ਅੰਦਾਜ਼ੇ ਵੀ ਲਗਾਈ ਜਾ ਰਹੇ ਹਨ।
-ਜਗਮੋਹਨ ਸਿੰਘ ਲੱਕੀ
ਵਿੱਦਿਆ ਨਗਰ, ਪਟਿਆਲਾ।
ਮੁਫ਼ਤ ਸਹੂਲਤਾਂ
ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਸੱਤਾ ਵਿਚ ਆਉਣ ਲਈ ਸੂਬੇ ਦੇ ਹਿਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਈ ਲੋਕ-ਲੁਭਾਉਣੇ ਵਾਅਦੇ ਕਰਦੀਆਂ ਹਨ। ਸੱਤਾ ਵਿਚ ਆ ਕੇ ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫ਼ਰ ਦੀਆਂ ਸਹੂਲਤਾਂ ਦੇ ਕੇ ਲੋਕਾਂ ਵਿਚ ਤੇ ਵਾਹ-ਵਾਹ ਖੱਟੀ ਹੈ, ਇਸ ਨੇ ਜਿਤੇ ਸੂਬੇ ਨੂੰ ਕਰਜ਼ਾਈ ਕੀਤਾ ਹੈ ਉਥੇ ਹੀ ਬਿਜਲੀ ਨਿਗਮ ਦੀ ਹਾਲਤ ਵੀ ਪਤਲੀ ਕਰ ਦਿੱਤੀ ਹੈ। ਹੋਰ ਵੀ ਅਜਿਹੀਆਂ ਮੁਫ਼ਤ ਆਟਾ, ਦਾਲ ਆਦਿ ਦੀਆਂ ਸਹੂਲਤਾਂ ਦੇਣ ਨਾਲੋਂ ਨੌਜਵਾਨਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ਵਿਚ ਢੁਕਵੀਆਂ ਤਨਖਾਹਾਂ ਵਾਲੇ ਰੁਜ਼ਗਾਰ ਦੇ ਮੌਕੇ ਵਧਾਉਣੇ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਆਟਾ, ਦਾਲ ਵਗੈਰਾ ਆਪ ਹੀ ਖਰੀਦ ਲੈਣਗੇ।
ਜਿਥੋਂ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਹੈ, ਜੇਕਰ ਮੁਫ਼ਤ ਦੇਣੀ ਹੀ ਹੈ ਤਾਂ ਇਸ ਸੰਬੰਧੀ ਆਰਥਿਕ ਸਰਵੇ ਬਹੁਤ ਜ਼ਰੂਰੀ ਹੈ ਅਤੇ ਇਹ ਸਹੂਲਤ ਸਿਰਫ਼ ਲੋੜਵੰਦ ਤੇ ਗਰੀਬ ਲੋਕਾਂ ਨੂੰ ਹੀ ਦਿੱਤੀ ਜਾਵੇ। ਇਸੇ ਤਰ੍ਹਾਂ ਹੀ ਮੁਫ਼ਤ ਬੱਸ ਸਫ਼ਰ ਕਰਨ ਦੀ ਸਹੂਲਤ ਵੀ ਕੇਵਲ ਵਿਦਿਆਰਥੀ ਤੇ ਬਜ਼ੁਰਗਾਂ ਨੂੰ ਮਿਲਣੀ ਚਾਹੀਦੀ ਹੈ। ਅਧਾਰ ਕਾਰਡ 'ਤਾਂ ਹਰੇਕ ਅਮੀਰ ਗ਼ਰੀਬ ਕੋਲ ਹੈ। ਭਲਾ ਨੌਕਰੀਆਂ ਕਰਦੀਆਂ ਔਰਤਾਂ ਕਿਸ ਪਾਸਿਓਂ ਗਰੀਬ ਹਨ। ਸੋ, ਇਹ ਮੁੱਖ ਦੋ ਮੁਫ਼ਤ ਸਹੂਲਤਾਂ ਦੇਣ ਲਈ ਇਨ੍ਹਾਂ 'ਤੇ ਮੁੜ ਨਜ਼ਰਸਾਨੀ ਕਰਨ ਦੀ ਲੋੜ ਹੈ ਤਾਂ ਜੋ ਸੂਬਾ ਬਿਨਾਂ ਵਜ੍ਹਾ ਹੀ ਕਰਜ਼ੇ ਥੱਲੇ ਨਾ ਆਵੇ।
-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।
ਰਿਸ਼ਤਿਆਂ 'ਤੇ ਭਾਰੀ ਪੈ ਰਿਹਾ ਲਾਲਚ ਅਤੇ ਗੁੱਸਾ
ਕਈ ਵਾਰ ਇਹ ਪੜ੍ਹ, ਸੁਣ ਅਤੇ ਦੇਖ ਕੇ ਬੜਾ ਹੀ ਦੁਖ ਹੁੰਦਾ ਹੈ ਕਿ ਅੱਜ ਦਾ ਇਨਸਾਨ ਕਿਵੇਂ ਲਾਲਚ ਅਤੇ ਗੁੱਸੇ ਵੱਸ ਹੋ ਕੇ ਆਪਣੇ ਖ਼ੂਨ ਦੇ ਰਿਸ਼ਤਿਆਂ, ਭੈਣ-ਭਰਾਵਾਂ ਅਤੇ ਦੋਸਤਾਂ-ਮਿੱਤਰਾਂ ਨਾਲ ਧੋਖੇਬਾਜ਼ੀ, ਜਾਅਲਸਾਜ਼ੀ, ਕੁੱਟਮਾਰ ਅਤੇ ਕਤਲ ਤੱਕ ਕਰ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਇਕ ਪਿੰਡ 'ਚ ਕੁਝ ਦਿਨ ਪਹਿਲਾਂ ਜ਼ਮੀਨ ਦੇ ਲਾਲਚ ਵਿਚ ਇਕ ਬੰਦੇ ਨੇ ਆਪਣੇ ਭਰਾ ਅਤੇ ਭਰਜਾਈ ਦਾ ਕਤਲ ਕਰ ਦਿੱਤਾ। ਕਿਸ ਤਰ੍ਹਾਂ ਇਕ ਭਰਾ ਨੇ ਦੋ ਹੱਸਦੇ ਵਸਦੇ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ।
ਪੰਜਾਬ ਵਿਚ ਨਿੱਤ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲੋਕਾਂ ਨੂੰ ਬੇਨਤੀ ਹੈ ਕਿ ਕੋਈ ਵੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਉਸ ਦੇ ਮਾੜੇ ਨਤੀਜਿਆਂ ਬਾਰੇ ਜ਼ਰੂਰ ਸੋਚਿਆ ਕਰੋ। ਜੇਕਰ ਕਿਸੇ ਦਾ ਕੋਈ ਜ਼ਮੀਨ ਜਾਇਦਾਦ ਜਾਂ ਪੈਸੇ ਦੇ ਦੇਣ-ਲੈਣ ਸੰਬੰਧੀ ਕੋਈ ਝਗੜਾ ਹੈ ਉਸ ਲਈ ਪੰਚਾਇਤ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਮੁਹਤਬਰਾਂ, ਪੁਲਿਸ ਅਤੇ ਅਦਾਲਤ ਦਾ ਸਹਾਰਾ ਲੈਣਾ ਚਾਹੀਦਾ ਹੈ। ਗੁੱਸੇ ਅਤੇ ਲਾਲਚ ਵਿਚ ਆ ਕੇ ਚੁੱਕੇ ਹੋਏ ਗਲਤ ਕਦਮ ਨਾਲ ਸਾਰੀ ਉਮਰ ਸਿਵਾਏ ਪਛਤਾਵੇ ਤੋਂ ਕੁਝ ਵੀ ਪੱਲੇ ਨਹੀਂ ਪੈਂਦਾ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।