ਅਮਰੀਕਾ 'ਚ ਸੜਕ ਹਾਦਸੇ ਦੌਰਾਨ ਬੱਸੂਵਾਲ ਦੇ ਨੌਜਵਾਨ ਦੀ ਮੌਤ
ਜਗਰਾਉਂ (ਲੁਧਿਆਣਾ), 19 ਦਸੰਬਰ (ਕੁਲਦੀਪ ਸਿੰਘ ਲੋਹਟ)-ਅਮਰੀਕਾ ਦੇ ਸ਼ਹਿਰ ਫਰਿਜਨੋ ਵਿਚ ਪਿੰਡ ਬੱਸੂਵਾਲ ਦੇ ਹਰਜਾਪ ਸਿੰਘ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਹਰਜਾਪ ਸਿੰਘ ਪੁੱਤਰ ਜਸਪ੍ਰੀਤ ਸਿੰਘ ਰਾਜੂ ਆਪਣੇ ਦੋਸਤ ਨਾਲ ਰਾਤ 8:10 ਵਜੇ ਦੇ ਕਰੀਬ ਸਨੀਸਾਈਡ ਐਵੇਨਿਊ 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਤੇ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਨੂੰ ਡਲਿਵਰੀ ਵੈਨ ਨੇ ਟੱਕਰ ਮਾਰ ਦਿੱਤੀ। ਟੱਕਰ ਦੇ ਸਮੇਂ ਵੈਨ ਬਾਇਰਡ ਤੋਂ ਸਨੀਸਾਈਡ ਐਵੇਨਿਊ ਵੱਲ ਜਾ ਰਹੀ ਸੀ। ਅਫ਼ਸੋਸ ਦੀ ਗੱਲ ਹੈ ਕਿ ਹਰਜਾਪ ਤੇ ਉਸਦੇ ਦੋਸਤ ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।ਹਰਜਾਪ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਰਾਜੂ ਪਿਛਲੇ ਦੋ ਦਹਾਕੇ ਤੋਂ ਅਮਰੀਕਾ ਦੇ ਸ਼ਹਿਰ ਫਰਿਜਨੋ ਵਿਖੇ ਪਰਿਵਾਰ ਸਮੇਤ ਰਹਿ ਰਹੇ ਹਨ। 14 ਸਾਲਾ ਹਰਜਾਪ ਸਿੰਘ ਅਮਰੀਕਾ ਦਾ ਜੰਮਪਲ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਜਸਪ੍ਰੀਤ ਸਿੰਘ ਰਾਜੂ ਦੇ ਅਜੀਜ਼ ਦੋਸਤ ਤੇ ਪਰਿਵਾਰਕ ਮੈਂਬਰ ਨਰਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਹਰਜਾਪ ਸਿੰਘ ਆਪਣੇ ਮਾਪਿਆਂ ਨਾਲ ਡੇਢ ਸਾਲ ਪਹਿਲਾਂ ਭਾਰਤ ਆਪਣੇ ਪਿੰਡ ਬੱਸੂਵਾਲ ਆਇਆ ਸੀ। ਉਨ੍ਹਾਂ ਦੱਸਿਆ ਕਿ ਹਰਜਾਪ ਸਿੰਘ ਸਾਬਤ ਸੂਰਤ ਸਿੱਖ ਸੀ ਤੇ ਉਸਨੂੰ ਸਿੱਖ ਰਵਾਇਤਾਂ ਨਾਲ ਬੇਹੱਦ ਪਿਆਰ ਸੀ।ਪਿੰਡ ਦੇ ਰਸੂਖਦਾਰ ਪਰਿਵਾਰ ਦੇ ਇਕਲੌਤੇ ਚਿਰਾਗ ਦੇ ਬੁੱਝ ਜਾਣ ਕਾਰਨ ਪਿੰਡ ਬੱਸੂਵਾਲ ਵਿਚ ਸੋਗ ਦੀ ਲਹਿਰ ਹੈ।