ਡਿਊਟੀ ਦੌਰਾਨ ਰਜਿਸਟਰੀ ਕਲਰਕ ਦੇ ਗਲ ਪੈਣ ਦਾ ਦੋਸ਼, ਡੀ.ਐਸ.ਪੀ. ਨੂੰ ਕੀਤੀ ਸ਼ਿਕਾਇਤ
ਗੁਰੂਹਰਸਹਾਏ (ਫਿਰੋਜ਼ਪੁਰ), 19 ਦਸੰਬਰ (ਕਪਿਲ ਕੰਧਾਰੀ)-ਅੱਜ ਤਹਿਸੀਲ ਦਫਤਰ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਤਹਿਸੀਲ ਦਫਤਰ ਵਿਚ ਆਪਣੀ ਡਿਊਟੀ ਉਤੇ ਤਾਇਨਾਤ ਰਜਿਸਟਰੀ ਕਲਰਕ ਨਾਲ ਕੁਝ ਵਿਅਕਤੀ ਖਹਿਬੜ ਪਏ। ਜਾਣਕਾਰੀ ਦਿੰਦਿਆਂ ਰਜਿਸਟਰੀ ਕਲਰਕ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੇ ਕਮਰੇ ਵਿਚ ਬੈਠਾ ਕੰਮ ਕਾਰ ਕਰ ਰਿਹਾ ਸੀ ਅਤੇ ਰਜਿਸਟਰੀਆਂ ਜ਼ਿਆਦਾ ਹੋਣ ਕਰਕੇ ਉਹ ਆਪਣੇ ਕੰਮ ਵਿਚ ਵਿਅਸਤ ਸੀ ਅਤੇ ਦਫਤਰ ਵਿਚ ਭੀੜ ਬਹੁਤ ਜ਼ਿਆਦਾ ਸੀ ਅਤੇ ਇੰਨੇ ਵਿਚ ਕੁਝ ਵਿਅਕਤੀ ਮੈਨੂੰ ਆਪਣੀ ਸੀਟ ਉਤੇ ਕੰਮ ਕਰਦੇ ਸਮੇਂ ਰਜਿਸਟਰੀ ਤੁਰੰਤ ਚੈੱਕ ਕਰਨ ਦੀ ਜ਼ਿੱਦ ਕਰਨ ਲੱਗੇ, ਮੇਰੇ ਵਲੋਂ ਉਨ੍ਹਾਂ ਨੂੰ 10 ਮਿੰਟ ਰੁਕਣ ਲਈ ਕਿਹਾ ਗਿਆ, ਇੰਨੇ ਵਿਚ ਉਕਤ ਵਿਅਕਤੀ ਮੈਨੂੰ ਗਾਲੀ-ਗਲੋਚ ਕਰਨ ਲੱਗ ਪਏ ਅਤੇ ਮੇਰੇ ਗਲ ਪੈ ਗਏ। ਉਸ ਸਮੇਂ ਇੰਨੀ ਭੀੜ ਵਿਚ ਮੇਰੇ ਗਲ ਪੈਣ ਵਾਲੇ ਉਕਤ ਵਿਅਕਤੀਆਂ ਵਲੋਂ ਮੈਨੂੰ ਗਾਲੀ-ਗਲੋਚ ਵੀ ਕੀਤਾ ਗਿਆ ਤੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਪਰੰਤ ਮੇਰੇ ਟੇਬਲ ਉਤੇ ਰੱਖੇ ਰਿਕਾਰਡ ਨੂੰ ਵੀ ਖਿਲਾਰ ਦਿੱਤਾ ਤੇ ਟੇਬਲ ਤੋਂ ਥੱਲੇ ਸੁੱਟ ਦਿੱਤਾ। ਉਕਤ ਵਿਅਕਤੀ ਮੌਕੇ ਤੋਂ ਭੱਜ ਗਏ। ਰਜਿਸਟਰੀ ਕਲਰਕ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਵਲੋਂ ਐਸ.ਡੀ.ਐਮ. ਦਿਵਿਆ ਪੀ ਅਤੇ ਤਹਿਸੀਲਦਾਰ ਨੂੰ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਇਸ ਘਟਨਾ ਸਬੰਧੀ ਡੀ.ਐਸ.ਪੀ. ਗੁਰੂਹਰਸਹਾਏ ਨੂੰ ਇਕ ਦਰਖਾਸਤ ਦੇ ਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।