JALANDHAR WEATHER

18-12-2024

 ਤਿੜਕੀਆਂ ਮੋਹ ਦੀਆਂ ਤੰਦਾਂ

ਅਜੋਕੇ ਪਦਾਰਥਵਾਦੀ ਦੌਰ ਵਿਚ ਰਿਸ਼ਤਿਆਂ ਵਿਚ ਏਨੀ ਖਟਾਸ ਤੇ ਨਿਘਾਰ ਆ ਗਿਆ ਹੈ ਕਿ ਪੈਸੇ ਤੇ ਅਹੰਕਾਰ, ਈਗੋ ਨੇ ਜਿਥੇ ਖ਼ੂਨੀ ਰਿਸ਼ਤੇ ਤਾਰ-ਤਾਰ ਕੀਤੇ ਹਨ, ਉਥੇ ਹੀ ਦੁਨਿਆਵੀ ਰਿਸ਼ਤੇ ਵੀ ਕਮਜ਼ੋਰ ਪੈ ਰਹੇ ਹਨ ਅਤੇ ਕਈ ਰਿਸ਼ਤੇ ਟੁੱਟਦੇ ਨਜ਼ਰ ਆ ਰਹੇ ਹਨ। ਇਕ ਛੋਟਾ ਬੱਚਾ ਖ਼ਾਸ ਕਰਕੇ ਮੁੰਡਾ ਜੋ ਕਿ ਮਾਂ-ਪਿਓ ਦੀ ਉਂਗਲੀ ਫੜ ਕੇ ਤੁਰਦਾ ਤੇ ਜਵਾਨ ਹੁੰਦਾ ਹੈ ਅਤੇ ਮਾਪੇ ਆਪਣੀ ਹੈਸੀਅਤ ਮੁਤਾਬਕ ਉਸ ਦੀ ਹਰ ਖਾਹਿਸ਼ ਪੂਰੀ ਕਰਦੇ ਹਨ ਪਰੰਤੂ ਜਿਉਂ ਹੀ ਉਹ ਹੋਸ਼ ਸੰਭਾਲਦਾ ਹੈ ਤੇ ਮੌਜੂਦਾ ਟੈਕਨਾਲੋਜੀ ਦੇ ਦੌਰ ਵਿਚ ਉਸ ਦਾ ਮਾਪਿਆਂ ਤੋਂ ਮੋਹ ਘਟਦਾ ਜਾਂਦਾ ਹੈ। ਵੇਖਿਆ ਗਿਆ ਹੈ ਕਿ ਕਈ ਪਰਿਵਾਰਾਂ ਵਿਚ ਵਿਆਹ ਤੋਂ ਬਾਅਦ ਉਹੀ ਬੱਚੇ ਮਾਪਿਆਂ ਨੂੰ ਪੁਰਾਣੀ ਸੋਚ ਵਾਲਾ ਦੱਸਦੇ ਹਨ ਜਿਸ ਨਾਲ ਖਟਾਸ ਪੈਦਾ ਹੁੰਦੀ ਹੈ।
ਇਸੇ ਹੀ ਤਰ੍ਹਾਂ ਮੈਂ ਵੇਖਿਆ ਕਿ ਇਕ ਪਿੰਡ ਵਿਚ ਇਕ ਟੱਬਰ ਰਹਿੰਦਾ ਹੈ, ਉਹ ਚਾਰ ਭਰਾ ਹਨ ਜੋ ਕਿ ਬਚਪਨ ਵਿਚ ਇਕ ਦੂਜੇ ਤੋਂ ਬਿਨਾਂ ਜੀਅ ਨਹੀਂ ਸਕਦੇ ਸਨ, ਭਾਵ ਕਿ ਬਹੁਤ ਪਿਆਰ ਕਰਦੇ ਸਨ। ਪਰੰਤੂ ਅਚਾਨਕ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ ਅਤੇ ਕੁਦਰਤੀ ਤੌਰ 'ਤੇ ਜ਼ਿੰਮੇਵਾਰੀ ਪਰਿਵਾਰ ਦੇ ਵੱਡੇ ਭਰਾ 'ਤੇ ਪੈ ਜਾਂਦੀ ਹੈ। ਚੰਗੀ ਕਿਸਮਤ ਨੂੰ ਉਸ ਵੇਲੇ ਉਹ ਦਸਵੀਂ 'ਚੋਂ ਪਾਸ ਹੋ ਜਾਂਦਾ ਹੈ। ਕੁਝ ਸਾਲ ਤੰਗੀ-ਤੁਰਸ਼ੀ ਸਹਿਣ ਤੋਂ ਬਾਅਦ ਉਸ ਵੱਡੇ ਭ ਰਾ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਅਤੇ ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਮਾਂ ਤੇ ਛੋਟੇ ਭਰਾਵਾਂ ਦੀ ਪਰਵਰਿਸ਼ ਕਰਦਾ ਹੈ। ਉਨ੍ਹਾਂ ਨੂੰ ਉਸ ਨੇ ਜਿੰਨਾਂ ਉਹ ਪੜ ਸਕਦੇ ਸਨ ਪੜ੍ਹਾਇਆ, ਲਿਖਾਇਆ, ਕੰਮਾਂ-ਕਾਰਾਂ 'ਤੇ ਲਵਾਉਂਦਾ ਹੈ ਅਤੇ ਰਿਸ਼ਤੇ ਲੱਭ ਕੇ ਉਨ੍ਹਾਂ ਦਾ ਵਿਆਹ ਵੀ ਕਰਦਾ ਹੈ ਪਰ ਜਿਉਂ ਸਮਾਂ ਬੀਤਿਆ ਵਿਆਹਾਂ ਤੋਂ ਬਾਅਦ ਉਨ੍ਹਾਂ ਵਿਚ ਖਟਾਸ ਪੈਣੀ ਸ਼ੁਰੂ ਹੋ ਗਈ। ਉਹ ਭਰਾ ਜੋ ਆਪਣੇ ਵੱਡੇ ਭਰਾ ਦਾ ਬਹੁਤ ਸਤਿਕਾਰ ਕਰਦੇ ਸਨ। ਭਾਅ ਜੀ, ਭਾਅ ਜੀ ਕਰਦੇ ਸਨ, ਉਹ ਹੁਣ ਪੈਸੇ ਦੇ ਨਸ਼ੇ ਤੇ ਅਹੰਕਾਰ ਈਗੋ ਵਿਚ ਆ ਗਏ। ਭਾਵੇਂ ਕਿ ਉਸ ਨੇ ਬਾਪ ਦਾ ਫਰਜ਼ ਨਿਭਾਇਆ ਪਰ ਉਹ ਬੇਗਾਨਾ ਬਣ ਕੇ ਰਹਿ ਗਿਆ ਅਤੇ ਆਪਣੀ ਨਜ਼ਰ ਹੁਣ ਉਸ ਨਾਲ ਮਿਲਾਉਣ ਤੋਂ ਗੁਰੇਜ਼ ਕਰਦੇ। ਕਿਉਂਕਿ ਉਸ ਔਖੇ ਸਮੇਂ ਉਨ੍ਹਾਂ ਨੂੰ ਵੱਡੇ ਭਰਾ ਦੀ ਜ਼ਰੂਰਤ ਸੀ ਅਤੇ ਹੁਣ ਪੈਸੇ ਤੇ ਈਗੋ ਨੇ ਮੋਹ ਦੀਆਂ ਤੰਦਾਂ ਵਿਚ ਤਰੇੜਾਂ ਲੈ ਆਂਦੀਆਂ। ਜੋ ਰਿਸ਼ਤੇਦਾਰੋ, ਭੈਣ, ਭਰਾਵੋ, ਮਤਲਬਖੋਰ, ਅਕ੍ਰਿਤਘਣ, ਵਿਸ਼ਵਾਸ-ਘਾਤੀ ਨਾ ਬਣੋ। ਮਾਇਆ ਤੇ ਆਉਂਦੀ ਜਾਂਦੀ ਰਹਿੰਦੀ ਹੈ, ਪੈਸੇ ਤੇ ਗਰੂਰ ਤੇ ਹੰਕਾਰ, ਈਗੋ ਵਿਚ ਆਪਣੇ ਖ਼ੂਨੀ ਰਿਸ਼ਤੇ ਕਮਜ਼ੋਰ ਨਾ ਪੈਣ ਦਿਉ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਮਾਤਾ-ਪਿਤਾ ਦਾ ਸਤਿਕਾਰ ਕਰੋ

ਮਾਤਾ ਪਿਤਾ ਅਤੇ ਬਜ਼ੁਰਗ ਸਾਡੇ ਸਾਰਿਆਂ ਲਈ ਹੀ ਬਹੁਤ ਜ਼ਿਆਦਾ ਸਤਿਕਾਰਯੋਗ ਹੁੰਦੇ ਹਨ। ਇਨ੍ਹਾਂ ਬਜ਼ੁਰਗਾਂ ਨੇ ਆਪਣੀ ਔਲਾਦ ਦੇ ਪਾਲਣ ਪੋਸ਼ਣ, ਪੜ੍ਹਾਈ ਲਿਖਾਈ ਅਤੇ ਕਾਮਯਾਬੀ ਲਈ ਪਤਾ ਨਹੀਂ ਕਿੰਨੀ ਮਿਹਨਤ ਕਰਦਿਆਂ ਕਿੰਨੀਆਂ ਮੁਸੀਬਤਾਂ ਝੱਲੀਆਂ ਹੋਣਗੀਆਂ। ਸਾਨੂੰ ਹਮੇਸ਼ਾਂ ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰ ਸਾਡੇ ਸਮਾਜ ਵਿਚ ਅਜਿਹੇ ਲੋਕ ਵੀ ਹਨ ਜੋ ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ ਨਾਲ ਬਹੁਤ ਮਾੜਾ ਵਰਤਾਉ ਕਰਦੇ ਹਨ। ਜਦੋਂ ਅਸੀਂ ਸੋਸ਼ਲ ਮੀਡੀਆ ਤੇ ਅਜਿਹੇ ਵੀਡੀਓ ਦੇਖਦੇ ਹਾਂ ਤਾਂ ਬਹੁਤ ਜ਼ਿਆਦਾ ਦੁੱਖ ਅਤੇ ਸ਼ਰਮ ਮਹਿਸੂਸ ਹੁੰਦੀ ਹੈ।
ਸਾਡੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੋ ਲੋਕ ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ 'ਤੇ ਜ਼ੁਲਮ ਅੱਤਿਆਚਾਰ ਕਰਦੇ ਹਨ। ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਗਾਹਕ ਦੁਕਾਨਦਾਰੀ, ਲੋਕ ਰਾਜਨੀਤੀ

ਸਿਆਣੇ ਕਹਿੰਦੇ ਹਨ ਕਿ 'ਦੁਕਾਨਦਾਰੀ ਗਾਹਕ ਸਿਖਾਉਂਦਾ ਹੈ' ਇਸੇ ਹੀ ਤਰਜ਼ ਤੇ ਦੇਖੀਏ ਤਾਂ ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਲੋਕ ਸਿਖਾਉਂਦੇ ਹਨ। ਅਜੋਕੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਵਿਚ ਇਹ ਮਿਸਾਲ ਦੇਖਣ ਨੂੰ ਮਿਲ ਰਹੀ ਹੈ।
ਉਂਝ ਸ਼ੁਰੂ ਤੋਂ ਹੀ ਪੰਜਾਬ ਸਿਆਸੀ ਤਜਰਬਿਆਂ ਦੀ ਪ੍ਰਯੋਗਸ਼ਾਲਾ ਰਿਹਾ ਹੈ। ਲੋਕਾਂ ਦੇ ਦਿਖਾਏ ਰਾਹ ਕਰਕੇ ਹੀ ਸੁਖਬੀਰ ਸਿੰਘ ਬਾਦਲ ਆਖਿਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਇਆ। ਗੁਨਾਹ ਬਖ਼ਸ਼ਾਉਣਾ ਕੋਈ ਮਿਹਣਾ ਤਾਅਨਾ ਨਹੀਂ ਹੈ, ਇਸ ਨਾਲ ਸ਼ਖ਼ਸੀਅਤ ਨਿਖਾਰੀ ਜਾਂਦੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਿਮਾਣੇ ਸਿਖ ਵਜੋਂ ਪੇਸ਼ ਹੋ ਕੇ ਅਤੇ ਹਰ ਗੁਨਾਹ ਝੋਲੀ ਪਵਾ ਕੇ ਦੇਰ ਨਾਲ ਦੁਰਸਤ ਸੋਚਿਆ। ਕਿੰਨਾ ਚੰਗਾ ਹੁੰਦਾ ਜੇ ਇਹ ਨੌਬਤ ਨਾ ਆਉਂਦੀ।
ਕੀ ਕੀਤਾ, ਹੋਇਆ ਉਹ ਕਿਉਂ ਹੋਇਆ? ਸੋਝੀ ਨਾਲ ਝਾਤੀ ਮਾਰਨ ਦੀ ਲੋੜ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨਾਲ ਸਿੱਖ ਪੀੜਾ ਵੀ ਘਟੀ ਹੈ ਨਾਲ ਮੁੜ ਸੁਰਜੀਤ ਹੋਣ ਦਾ ਮੌਕਾ ਵੀ ਮਿਲਿਆ। 'ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ।'

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।