ਝੱਜ ਦੇ 21 ਸਾਲਾ ਨੌਜਵਾਨ ਦੀ ਨਿਊਯਾਰਕ 'ਚ ਐਕਸੀਡੈਂਟ ਨਾਲ ਮੌਤ
ਕੋਟਫ਼ਤੂਹੀ (ਹੁਸ਼ਿਆਰਪੁਰ), 19 ਦਸੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਝੱਜ ਦੇ 21 ਸਾਲਾ ਨੌਜਵਾਨ ਦੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਐਕਸੀਡੈਂਟ ਹੋਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਕਮਲਜੀਤ ਸਿੰਘ, ਮਾਤਾ ਗੁਰਵਿੰਦਰ ਕੌਰ, ਬਾਬਾ ਮੇਲਾ ਸਿੰਘ, ਦਾਦੀ ਗੁਰਮੀਤ ਕੌਰ ਆਦਿ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਨਿਵਾਸੀ ਪਿੰਡ ਝੱਜ ਲਗਭਗ 7 ਕੁ ਮਹੀਨੇ ਪਹਿਲਾਂ ਰੋਜ਼ੀ ਰੋਟੀ ਦੀ ਖ਼ਾਤਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਗਿਆ ਸੀ, ਜਿਸ ਦੀ ਮੌਤ ਸਬੰਧੀ ਸਵੇਰੇ ਬਾਹਰੋਂ ਫ਼ੋਨ ਆਉਣ ਉਤੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਲੜਕਾ ਆਪਣੇ ਕੰਮ ਉਤੇ ਆਪਣੇ ਰੇਂਜਰ ਸਾਈਕਲ ਉੱਪਰ ਜਾ ਰਿਹਾ ਸੀ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ, ਜਦਕਿ ਉਸ ਦੀ ਲਾਸ਼ ਪੁਲਿਸ ਦੇ ਕੋਲ ਕਬਜ਼ੇ ਵਿਚ ਹੈ ਪਰ ਉਸ ਨਾਲ ਹੋਏ ਹਾਦਸੇ ਦੇ ਸਬੰਧ ਵਿਚ ਕੋਈ ਹੋਰ ਇਤਲਾਹ ਨਹੀਂ ਮਿਲੀ। ਮੌਤ ਦੀ ਖ਼ਬਰ ਸੁਣਦੇ ਹੀ ਜਿਥੇ ਪਿੱਛੇ ਪਰਿਵਾਰ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ, ਉਥੇ ਪਿੰਡ ਅਤੇ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।