
ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ), 4 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਅਸਫ਼ਲ ਬਣਾਉਣ ਲਈ ਅੱਜ ਪੁਲਿਸ ਵਲੋਂ ਵੱਡੀ ਪੱਧਰ ’ਤੇ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਅੱਜ ਕਿਸਾਨ ਆਗੂ ਹਰਵਿੰਦਰ ਸਿੰਘ ਬੁੱਟਰ ਨੂੰ ਸਵੇਰੇ ਹੀ ਹਿਰਾਸਤ ਵਿਚ ਲੈ ਲਿਆ ਗਿਆ, ਉਪਰੰਤ ਉਨ੍ਹਾਂ ਨੂੰ ਘਰ ਵਿਚ ਹੀ ਨਜ਼ਰਬੰਦ ਕੀਤੇ ਜਾਣ ਦੀ ਖ਼ਬਰ ਵੀ ਹੈ। ਉੱਧਰ ਪੁਲਿਸ ਨੇ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ, ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਬਦੇਸ਼ਾ ਧਿਆਨਪੁਰ, ਸੁਰਜੀਤ ਸਿੰਘ ਧਰਦਿਉ, ਸੁਖਦੇਵ ਸਿੰਘ ਵਿਰਕ ਅਤੇ ਹਰਜੀਤ ਸਿੰਘ ਸ਼ਹਿਜਾਦਾ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ, ਜਦਕਿ ਉਕਤ ਕਿਸਾਨ ਪਹਿਲਾਂ ਹੀ ਘਰਾਂ ਵਿਚੋਂ ਰੂਪੋਸ਼ ਹੋ ਗਏ ਹਨ । ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ ਅਤੇ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਬਦੇਸ਼ਾ ਧਿਆਨਪੁਰ ਨੇ ਇਸ ਪ੍ਰਤੀਨਿਧ ਨਾਲ ਫੋਨ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਰੂਪੋਸ਼ ਹੋ ਗਏ ਹਨ ਅਤੇ ਹਰ ਹੀਲੇੇ ਚੰਡੀਗੜ੍ਹ ਵਿਖੇ ਰੋਸ ਧਰਨੇ ਵਿਚ ਸ਼ਮੂਲੀਅਤ ਕਰਨਗੇ ।