
ਹੁਸ਼ਿਆਰਪੁਰ, 4 ਮਾਰਚ (ਬਲਜਿੰਦਰਪਾਲ ਸਿੰਘ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਮੈਡੀਟੇਸ਼ਨ ਕੋਰਸ ਲਈ 5 ਮਾਰਚ ਤੋਂ 10 ਦਿਨ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਨੰਦਗੜ੍ਹ ’ਚ ਬਣੇ ‘ਧੱਮ ਧੱਜ ਵਿਪਾਸਨਾ ਸੈਂਟਰ ’ਚ ਪਹੁੰਚ ਰਹੇ ਹਨ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੱਬਾ ਭਾਰ ਹੋਇਆ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਪਹੁੰਚ ਰਿਹਾ ਹੈ, ਪ੍ਰੰਤੂ ਉਹ ਇਸ ਕੋਰਸ ਦਾ ਹਿੱਸਾ ਬਣਨਗੇ ਜਾਂ ਨਹੀਂ ਉਸ ਦੀ ਅਜੇ ਤੱਕ ਪੁਸ਼ਟੀ ਨਹੀ ਹੋਈ। ਸੂਤਰਾਂ ਅਨੁਸਾਰ ਦੇਰ ਸ਼ਾਮ ਤੱਕ ਉਹ ਹੁਸ਼ਿਆਰਪੁਰ ਵਿਖੇ ਪਹੁੰਚਣਗੇ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਵੀ ਦਸੰਬਰ 2023 ’ਚ ਉਕਤ ਸੈਂਟਰ ’ਚ 10 ਦਿਨਾਂ ਦੇ ਸੈਸ਼ਨ ’ਚ ਹਿੱਸਾ ਲਿਆ ਸੀ। ਕੇਜਰੀਵਾਲ ਦੇ ਆਉਣ ਨੂੰ ਲੈ ਕੇ ਐਸ.ਪੀ. (ਡੀ.) ਸਰਬਜੀਤ ਸਿੰਘ ਬਾਹੀਆਂ ਦੀ ਅਗਵਾਈ ’ਚ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਦੇ ਇਲਾਕੇ ’ਚ ਚੈਕਿੰਗ ਵੀ ਕੀਤੀ ਜਾ ਰਹੀ ਹੈ।