
ਚੰਡੀਗੜ੍ਹ, 1 ਮਾਰਚ- ਪੰਜਾਬੀ ਗਾਇਕ ਹਰਭਜਨ ਮਾਨ ਨੇ ਟਵੀਟ ਕਰ ਕਿਹਾ ਕਿ ਪੰਜਾਬ ਸੇਵਕ ਟੀ.ਵੀ. ‘ਪੰਜਾਬ ਦੀ ਖਬਰ’ ‘ਸੁੱਖਜੀਤਸਿੰਘ.ਸੁੱਖਜੀਤਸਿੰਘ.142 ਅਤੇ ਕੁੱਝ ਹੋਰ ਯੂ-ਟਿਊਬ ਚੈਨਲਜ਼ ਤੇ ਇੰਸਟਾਗ੍ਰਾਮ ਹੈਂਡਲਜ਼ ਵਲੋਂ ਮੇਰੀ ਧੀ ਬਾਰੇ ਬਿਲਕੁਲ ਝੂਠੀ ਅਤੇ ਅਪਮਾਨਜਨਕ ਖ਼ਬਰ ਫੈਲਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਵੀ ਧੀ ਜਾਂ ਪੁੱਤਰ ਬਾਰੇ ਝੂਠੀ ਜਾਂ ਗ਼ਲਤ ਖ਼ਬਰ ਫੈਲਾਉਣਾ ਅਨੈਤਿਕ ਕਾਰਜ ਹੈ। ਅਜਿਹਾ ਕਰਨ ਨਾਲ ਧੀ ਜਾਂ ਪੁੱਤਰ ਸਮੇਤ ਉਸ ਦੇ ਪਰਿਵਾਰ ਅਤੇ ਸੰਬੰਧਿਤ ਧਿਰਾਂ ਮਾਨਸਿਕ ਤੇ ਸਰੀਰਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੜ੍ਹਾ ਹਾਂ। ਮੇਰੀ ਧੀ ਬਾਰੇ ਝੂਠੀ ਖ਼ਬਰ ਫੈਲਾਉਣ ਵਾਲਿਆਂ ਖ਼ਿਲਾਫ਼ ਮੈਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਂ ਇਹ ਆਸ ਕਰਦਾ ਹਾਂ ਕਿ ਮੇਰੀ ਇਹ ਕਾਰਵਾਈ ਉਨ੍ਹਾਂ ਮੰਦੇ ਇਰਾਦੇ ਵਾਲ਼ੇ ਲੋਕਾਂ ਲਈ ਇਕ ਸਬਕ ਹੋਵੇਗੀ, ਜੋ ਪਰਿਵਾਰ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਨਾ ਤਾਂ ਮਹਿਸੂਸ ਕਰਦੇ ਨੇ ਅਤੇ ਨਾ ਹੀ ਸਮਝਦੇ ਹਨ।