
ਬਟਾਲਾ, 26 ਫਰਵਰੀ (ਰਾਕੇਸ਼ ਰੇਖੀ)- ਬਟਾਲਾ ਦੇ ਕਾਹਨੂੰਵਾਨ ਰੋਡ 'ਤੇ ਬੁੱਧਵਾਰ ਦੇਰ ਰਾਤ ਚੱਲੀ ਗੋਲੀ ਵਿਚ 1 ਨੌਜਵਾਨ ਜ਼ਖ਼ਮੀ ਹੋ ਗਿਆ । ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ । ਜਾਣਕਾਰੀ ਅਨੁਸਾਰ ਕਾਹਨੂੰਵਾਨ ਰੋਡ 'ਤੇ ਧੁੱਪਸੜੀ ਨੇੜੇ 9:30 ਵਜੇ ਸ਼ਰਾਬ ਠੇਕੇ ਦੇ ਕੋਲ ਇਹ ਘਟਨਾ ਹੋਈ ਹੈ । ਦੱਸਿਆ ਗਿਆ ਹੈ ਕਿ ਠੇਕੇ ਨੇੜੇ ਇਕ ਲਗਜ਼ਰੀ ਕਾਰ ਸਵਾਰਾਂ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋ ਰਿਹਾ ਸੀ, ਪਤਾ ਲੱਗਣ 'ਤੇ ਉਕਤ ਨੌਜਵਾਨਾਂ ਦਾ ਰਿਸ਼ਤੇਦਾਰ ਨੌਜਵਾਨ ਜੋਤਾ ਵਾਸੀ ਧੁੱਪਸੜੀ ਝਗੜ ਰਹੇ ਨੌਜਵਾਨਾਂ ਨੂੰ ਛਡਾਉਣ ਲਈ ਅੱਗੇ ਵਧਿਆ ਸੀ ਕਿ ਇਸੇ ਦੌਰਾਨ ਕਾਰ ਸਵਾਰਾਂ ਵਲੋਂ ਗੋਲੀ ਚਲਾ ਦਿੱਤੀ ਗਈ । ਗੋਲੀ ਲੱਗਣ ਨਾਲ ਜੋਤਾ ਜ਼ਖ਼ਮੀ ਹੋ ਗਿਆ, ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਤਬਦੀਲ ਕਰ ਦਿੱਤਾ । ਪਤਾ ਲੱਗਣ 'ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ 'ਤੇ ਪਹੁੰਚੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ! ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ।