26-02-2025
ਸੰਜੀਵਨੀ ਹੈ ਨੈਤਿਕ ਸਮਰਥਨ
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਰਹਿੰਦਿਆਂ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਿਚਰ ਕੇ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਨੈਤਿਕ ਸਮਰਥਨ (ਮੋਰਲ ਸਪੋਰਟ) ਮਨੁੱਖੀ ਜੀਵਨ ਵਿਚ ਇੱਕ ਸੰਜੀਵਨੀ ਬੂਟੀ ਦਾ ਰੁਤਬਾ ਰੱਖਦਾ ਹੈ। ਸਾਨੂੰ ਬਿਨਾਂ ਸੋਚੇ ਸਮਝੇ ਮੂੰਹੋਂ ਗੱਲ ਕੱਢ ਕੇ ਸਾਹਮਣੇ ਵਾਲੇ ਨੂੰ ਬੜੀ ਦੁਬਿਧਾ ਵਿਚ ਪਾਉਣ ਦੀ ਬਜਾਏ ਆਪਣੇ ਮੂੰਹੋਂ ਸ਼ਬਦ ਬੜੀ ਗੰਭੀਰਤਾ ਨਾਲ ਸੋਚ ਵਿਚਾਰ ਕੇ ਉਸ ਦੇ ਖਰੇ ਖੋਟੇ ਪ੍ਰਭਾਵ ਨੂੰ ਘੋਖ ਕੇ ਹੀ ਕੱਢਣੇ ਚਾਹੀਦੇ ਹਨ। ਇਹੀ ਮਨੁੱਖ ਦਾ ਸਦਾਚਾਰ ਹੋਣਾ ਚਾਹੀਦਾ ਹੈ। ਸਾਨੂੰ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦੀ ਭਾਵਨਾ ਪੜ੍ਹਨ ਦਾ ਸਲੀਕਾ ਹੋਣਾ ਚਾਹੀਦਾ ਹੈ। ਹਮੇਸ਼ਾ ਸੋਚ ਸਮਝ ਕੇ ਠਰ੍ਹੰਮੇ ਨਾਲ ਗੱਲ ਕਰਨੀ ਚਾਹੀਦੀ ਹੈ। ਹਮੇਸ਼ਾ ਨੈਤਿਕ ਸਮਰਪਣ ਵਿਚੋਂ ਹੀ ਨੈਤਿਕ ਸਮਰਥਨ ਉਪਜਦਾ ਹੈ। ਇਹ ਦੋਵੇਂ ਤੱਥ ਇੱਕ ਦੂਜੇ ਨਾਲ ਹੀ ਸੰਪੂਰਨ ਹੁੰਦੇ ਹਨ। ਸਮਝ ਲੈਣਾ ਚਾਹੀਦਾ ਹੈ ਕਿ ਨੈਤਿਕ ਸਮਰਥਨ ਆਸਰਾ ਦੇਣਾ ਹੁੰਦਾ ਹੈ। ਨੈਤਿਕ ਸਮਰਥਨ ਦੀ ਵਧੇਰੇ ਲੋੜ ਘੱਟ ਗਿਆਨਵਾਨ ਅਤੇ ਮਾਨਸਿਕ ਕੰਮਜ਼ੋਰ ਨੂੰ ਹੁੰਦੀ ਹੈ। ਜੋ ਹਾਲਾਤਾਂ ਤੋਂ ਭੱਜ ਜਾਂਦੇ ਹਨ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਲਈ ਨੈਤਿਕ ਸਮਰਥਨ ਵਧੇਰੇ ਰਾਮਬਾਣ ਹੁੰਦਾ ਹੈ। ਸਮਾਜ ਵਿਚ ਵਿਚਰਦਿਆਂ ਨੈਤਿਕ ਸਮਰਥਨ ਦੀ ਲੋੜ ਰੋਗੀਆਂ, ਆਰਥਿਕ, ਸਮਾਜਿਕ ਪੱਖੋਂ ਅਤੇ ਮਾਨਸਿਕ ਪੱਖੋਂ ਲੋਕਾਂ ਨੂੰ ਪੈਂਦੀ ਹੈ। ਨੈਤਿਕ ਸਮਰਥਨ ਨਾਲ ਠਹਿਰਾਓ ਆ ਜਾਂਦਾ ਹੈ। ਡਿੱਗਣ ਤੋਂ ਬਚ ਕੇ ਸਹਾਰਾ ਮਿਲ ਜਾਂਦਾ ਹੈ। ਨੈਤਿਕ ਸਮਰਥਨ ਹਾਸਲ ਕਰਨ ਵਾਲਾ ਰਾਹਤ ਜ਼ਰੂਰ ਮਹਿਸੂਸ ਕਰਦਾ ਹੈ। ਉਹ ਆਪਣੇ ਆਪ ਨੂੰ ਢਾਲ ਲੈਂਦਾ ਹੈ। ਜਿਸ ਮਨੁੱਖ ਕੋਲ ਕਾਰਜ ਸਮਰੱਥਾ, ਇਮਾਨਦਾਰੀ ਅਤੇ ਰਿਸ਼ਟ ਪੁਸ਼ਟ ਸਿਹਤ ਹੈ, ਪਰ ਹੋਵੇ ਸਮਝਦਾਰ ਉਸ ਨੂੰ ਨੈਤਿਕ ਸਮਰਥਨ ਦੀ ਲੋੜ ਨਹੀਂ ਹੁੰਦੀ ਬਲਕਿ ਉਹ ਮੋਰਲ ਸਪੋਰਟ ਦੇ ਕੇ ਸਾਹਮਣੇ ਵਾਲੇ ਨੂੰ ਦੁਬਿਧਾ ਵਿਚੋਂ ਬਾਹਰ ਕੱਢ ਦਿੰਦਾ ਹੈ। ਅੰਧਵਿਸ਼ਵਾਸੀ, ਅਗਿਆਨੀ ਅਤੇ ਆਤਮਵਿਸ਼ਵਾਸ ਦੀ ਕਮੀ ਵਾਲੇ ਨੂੰ ਨੈਤਿਕ ਸਮਰਥਨ ਦੀ ਅਤੀ ਲੋੜ ਹੁੰਦੀ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਅਸਤੀਫ਼ੇ
ਪਹਿਲਾਂ ਭੱਜ-ਭੱਜ ਉੱਚੇ ਲੈਣ ਅਹੁਦੇ ਸਭ ਤੋਂ ਉੱਚੀਆਂ ਪਦਵੀਆਂ ਲੈਣ ਮੀਆਂ,
ਜ਼ਿੰਮੇਵਾਰੀਆਂ ਨਿਭਾਉਣ ਦਾ ਜਦੋਂ ਟਾਈਮ ਆਵੇ ਮੈਦਾਨ ਛੱਡ ਅਸਤੀਫ਼ੇ ਦੇਣ ਮੀਆਂ,
ਕਈ ਮੰਤਰੀ ਫ਼ਸੇ ਭ੍ਰਿਸ਼ਟਾਚਾਰ ਕਰਕੇ ਬਣੇ ਅਹੁਦਿਆਂ 'ਤੇ ਫਿਰ ਵੀ ਰਹਿਣ ਮੀਆਂ,
ਜਦੋਂ ਵਕਤ ਦਾ ਡੰਡਾ ਆਣ ਪੈਂਦਾ ਵੱਡੇ-ਵੱਡੇ ਕਿਲ੍ਹੇ ਵੀ ਢਹਿਣ ਮੀਆਂ,
ਫੁੱਟ ਕੌਮ ਬੇਸ਼ੱਕ ਘਰਾਂ ਵਿਚ ਪੈਜੇ ਕਦੇ ਮਿਲ ਕੇ ਲੋਕ ਨਾ ਬਹਿਣ ਮੀਆਂ,
ਮਲਕੀਤ ਗਿੱਲ ਜੇ ਮਿਲ ਕੇ ਬੈਠ ਜਾਈਏ ਕਦੇ ਮਨਾਂ 'ਚ ਫ਼ਰਕ ਨਾ ਪੈਣ ਮੀਆਂ।
-ਮਲਕੀਤ ਸਿੰਘ ਗਿੱਲ (ਭੱਠਲਾਂ)
ਡਾਕਟਰਾਂ ਦੀ ਲਿਖਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੀ ਟਿੱਪਣੀ ਦੁਆਰਾ ਡਾਕਟਰਾਂ ਦੀ ਖਰਾਬ ਲਿਖਾਈ ਨੂੰ ਸੁਧਾਰਨ ਲਈ ਕਿਹਾ ਹੈ। ਹਾਈ ਕੋਰਟ ਨੇ ਤਕਨੀਕੀ ਯੁੱਗ ਵਿਚ ਐਮ.ਐਲ.ਆਰ. ਰਿਪੋਰਟ ਨੂੰ ਵੀ ਅਸਪੱਸ਼ਟ ਤੇ ਨਾ ਪੜ੍ਹਨਯੋਗ ਲਿਖਾਵਟ ਕਰਾਰ ਦਿੱਤਾ ਹੈ। ਮਾਨਯੋਗ ਜੱਜ ਨੇ ਕਿਹਾ ਕਿ ਡਾਕਟਰ ਜਾਨ ਬੁੱਝ ਕੇ ਮੈਡੀਕਲ ਪਰਚੀ 'ਤੇ ਅਜਿਹਾ ਲਿਖਦੇ ਹਨ ਜੋ ਕਿ ਕੋਰਡਵਰਡ ਵਾਂਗ ਹੁੰਦੀ ਹੈ ਅਤੇ ਕੁਝ ਡਾਕਟਰ ਤੇ ਕੁਝ ਕੈਮਿਸਟ ਹੀ ਇਸ ਲਿਖਾਵਟ ਨੂੰ ਪੜ੍ਹ ਸਕਦੇ ਹਨ। ਜਦੋਂ ਕਿ ਪਰਚੀ 'ਤੇ ਮਰੀਜ਼ਾਂ ਦੀ ਸਪੱਸ਼ਟ ਮੈਡੀਕਲ ਹਿਸਟਰੀ ਤੇ ਦਵਾਈਆਂ ਦੀ ਸਪੱਸ਼ਟ ਜਾਣਕਾਰੀ ਲਿਖੀ ਹੋਣੀ ਚਾਹੀਦੀ ਹੈ। ਕਿਉਂਕਿ ਇਹ ਵਿਅਕਤੀ ਦੇ ਮੌਲਿਕ ਅਧਿਕਾਰਾਂ ਨਾਲ ਜੁੜਿਆ ਹੈ। ਕਈ ਵਾਰ ਇਸ ਤਰ੍ਹਾਂ ਦੀ ਲਿਖਾਈ ਨਾਲ ਕੈਮਿਸਟ ਗਲਤ ਦਵਾਈ ਵੀ ਦੇ ਦਿੰਦੇ ਹਨ। ਜਿਸ ਨਾਲ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਇਹ ਵੀ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਦੇ ਯੁੱਗ ਵਿਚ ਪਰਚੀ ਹੱਥ ਲਿਖਤ ਨਹੀਂ, ਬਲਕਿ ਕੰਪਿਊਟਰ 'ਤੇ ਪ੍ਰਿੰਟਡ ਹੋਣੀ ਚਾਹੀਦੀ ਹੈ।
-ਚਰਨਜੀਤ ਸਿੰਘ ਮੁਕਤਸਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਰੈਗਿੰਗ 'ਤੇ ਸਖ਼ਤ ਕਾਨੂੰਨ ਬਣੇ
ਕੋਟਾ 'ਚ ਸਰਕਾਰੀ ਨਰਸਿੰਗ ਕਾਲਜ ਦੇ ਹੋਟਲ ਵਿਚ ਬਹੁਤ ਹੀ ਘਿਨੌਣੇ ਤਰੀਕੇ ਨਾਲ ਹੋਈ ਰੈਗਿੰਗ ਚਿੰਤਾ ਦਾ ਵਿਸ਼ਾ ਹੈ। ਮਾਣਯੋਗ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੇ ਬਾਵਜੂਦ ਦੇਸ਼ ਭਰ ਵਿਚ ਰੈਗਿੰਗ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ। ਇਹ ਪੂਰੇ ਸਮਾਜ ਤੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਪੜ੍ਹੇ ਲਿਖੇ ਨੌਜਵਾਨ ਕਾਨੂੰਨ ਨੂੰ ਜਾਣਦੇ ਹੋਏ ਵੀ ਦੇਸ਼ ਦੀ ਸਰਬਉੱਚ ਪਾਵਰ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਨਾ ਕਰਦੇ ਹੋਏ ਮਾਰ-ਕੁਟਾਈ ਤੇ ਅਣਮਨੁੱਖੀ ਹਰਕਤਾਂ ਕਰ ਰਹੇ ਹਨ। ਰੈਗਿੰਗ ਦੀਆਂ ਇਨ੍ਹਾਂ ਘਟਨਾਵਾਂ ਨੂੰ ਵੇਖਦਿਆਂ ਕਾਲਜਾਂ ਦੇ ਪ੍ਰਬੰਧਕਾਂ ਨੂੰ ਆਪਣੀ ਜ਼ਿੰਮੇਵਾਰ ਸਮਝਣੀ ਚਾਹੀਦੀ ਹੈ। ਬੱਚਿਆਂ ਨੂੰ ਰੈਗਿੰਗ ਦੇ ਬੁਰੇ ਪ੍ਰਭਾਵਾਂ ਬਾਰੇ ਸੈਮੀਨਾਰ ਲਗਾ ਜਾਗਰੂਕ ਕਰਨਾ ਚਾਹੀਦਾ ਹੈ। ਸੰਸਦ ਵਿਚ ਕਾਨੂੰਨ ਬਣਾ ਕੇ ਰੈਗਿੰਗ ਕਰਨ 'ਤੇ ਮਿਸਾਲੀ ਸਖ਼ਤ ਸਜ਼ਾ ਦੀ ਵਿਵਸਥਾ ਕਰਨੀ ਚਾਹੀਦੀ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।