
ਖਰੜ (ਮੋਹਾਲੀ), 26 ਫਰਵਰੀ (ਤਰਸੇਮ ਸਿੰਘ ਜੰਡਪੁਰੀ)-ਬਲੌਂਗੀ ਦੀ ਪੁਲਿਸ ਵਲੋਂ ਚਾਰ ਵਿਅਕਤੀਆਂ ਨੂੰ ਚੋਰੀ ਦੇ ਵਾਹਨਾਂ, ਮੋਬਾਇਲ ਅਤੇ ਚਾਕੂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵਲੋਂ ਚੋਰੀ ਅਤੇ ਝਪਟਮਾਰ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਉਕਤ ਵਿਅਕਤੀਆਂ ਕੋਲੋਂ 5 ਵਾਹਨ ਜਿਨ੍ਹਾਂ ਵਿਚ 3 ਐਕਟਿਵਾ ਅਤੇ 2 ਮੋਟਰਸਾਈਕਲ ਹਨ, ਤੋਂ ਇਲਾਵਾ ਇਨ੍ਹਾਂ ਕੋਲੋਂ ਇਕ ਖੋਹਿਆ ਮੋਬਾਇਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਸੀ. ਐਕਟ ਅਤੇ ਚੋਰੀ ਦੀਆਂ ਵਾਰਦਾਤਾਂ ਸਬੰਧੀ ਮਾਮਲੇ ਦਰਜ ਹਨ।