
ਫ਼ਤਿਹਗੜ੍ਹ ਸਾਹਿਬ, 23 ਫਰਵਰੀ- ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ, ਇਕ ਮਹਿਲਾ ਅਤੇ ਬੱਚੀ ਸਮੇਤ ਚਾਰ ਜਣਿਆਂ ਦੀ ਮੌਤ ਹੋ ਜਾਣਾ ਅਤੇ ਇਕ ਮਹਿਲਾ ਦੇ ਗੰਭੀਰ ਰੂਪ ਵਿਚ ਜਖ਼ਮੀ ਹੋ ਜਾਣ ਦਾ ਸਮਾਚਾਰ ਹੈ, ਜਿਸ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ. ਐਚ. ਓ. ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਲੁਧਿਆਣਾ ਦੇ ਰਹਿਣ ਵਾਲੇ ਸਨ ਜੋ ਕਿ ਕਾਰ ਵਿਚ ਸਵਾਰ ਹੋ ਕੇ ਮਹਾਕੁੰਭ ਤੋਂ ਵਾਪਿਸ ਲੁਧਿਆਣਾ ਪਰਤ ਰਹੇ ਸਨ ਤੇ ਜਿਵੇਂ ਹੀ ਇਹ ਕਾਰ ਮੰਡੀ ਗੋਬਿੰਦਗੜ੍ਹ ਦੇ ਗੋਲਡਨ ਹਾਈਟਸ ਦੇ ਸਾਹਮਣੇ ਪਹੁੰਚੀ ਤਾਂ ਡਰਾਈਵਰ ਦੀ ਅੱਖ ਲੱਗਣ ਕਰਨ ਤੇਜ਼ ਰਫ਼ਤਾਰ ਇਹ ਕਾਰ ਨੈਸ਼ਨਲ ਹਾਈਵੇ ਦੇ ਪੁਲ ਦੇ ਨਾਲ ਬਣੀ ਦੀਵਾਰ ਵਿਚ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਸਮੇਤ ਇਕ ਬੱਚੀ ਦੀ ਮੌਤ ਹੋ ਗਈ ਜਦੋਂਕਿ ਇਕ ਮਹਿਲਾ ਗੰਭੀਰ ਰੂਪ ਵਿਚ ਜਖਮੀ ਹੋ ਗਈ, ਜਿਨ੍ਹਾਂ ਦੀ ਪਹਿਚਾਣ ਮ੍ਰਿਤਕ ਰਾਮੇਸ਼ਵਰ ਸ਼ਾਹ, ਦਿਨੇਸ਼ ਸ਼ਾਹ ਅਤੇ ਮੀਨਾ ਦੇਵੀ ਵਜੋਂ ਹੋਈ ਹੈ ਅਤੇ ਜਖ਼ਮੀ ਮਹਿਲਾ ਦਾ ਨਾਂਅ ਰੁਚੀ ਹੈ। ਫਿਲਹਾਲ ਸਾਰਿਆਂ ਦੀਆਂ ਮਿ੍ਰਤਕ ਦੇਹਾਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਿਆ ਗਿਆ ਹੈ।