23-02-2025
ਸਿੱਖ-ਧਰਮ ਦੇ ਚਿੰਤਨ-ਪ੍ਰਸੰਗ ਦੀਆਂ ਪਰਤਾਂ
ਲੇਖਕ : ਬਲਕਾਰ ਸਿੰਘ ਪ੍ਰੋਫ਼ੈਸਰ
ਪ੍ਰਕਾਸ਼ਕ : ਰਿਥਿੰਕ ਬੁੱਕਸ, ਸੰਗਰੂਰ
ਮੁੱਲ : 400, ਸਫ਼ੇ : 240
ਸੰਪਰਕ : 94643-46677
ਹਥਲੀ ਪੁਸਤਕ ਦੇ ਲੇਖਕ ਸਥਾਪਤ ਲੇਖਕਾਂ ਦੀ ਪਹਿਲੀ ਕਤਾਰ ਦੇ ਹਿੱਸੇ ਹਨ। ਉਨ੍ਹਾਂ ਦੀ ਲੇਖਣੀ ਵਿਸ਼ੇਸ਼ ਗੁੰਝੀਆਂ ਰਮਜਾਂ ਦੀ ਧਾਰਨੀ ਹੈ। ਇਸ ਪੁਸਤਕ ਵਿਚ ਲੇਖਕ ਨੇ ਦੋ ਦਰਜਨ ਨਿਬੰਧ ਸ਼ਾਮਿਲ ਕੀਤੇ ਹਨ ਜਿਵੇਂ ਸਿੱਖ ਰਹੱਸਵਾਦ, ਨਾਮ ਸਿਮਰਨ ਦਾ ਗੁਰਮਤਿ ਪ੍ਰਸੰਗ, ਸਿੱਖ ਸੱਭਿਆਚਾਰ ਦਾ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ, ਅਕਾਲ ਤੋਂ ਖ਼ਾਲਸਾ ਤੱਕ ਦਾ ਮੀਮਾਂਸਿਕ ਪ੍ਰਸੰਗ, ਗ੍ਰੰਥ, ਪੰਥ ਅਤੇ ਸਿੱਖ ਅਕਾਦਮਿਕਤਾ, ਗੁਰਮਤਾ ਬਨਾਮ ਸਰਬੱਤ ਖ਼ਾਲਸਾ ਦੇ ਸਮਕਾਲੀ ਸਰੋਕਾਰ, ਗੁਰੂ ਨਾਨਕ ਸਾਹਿਬ ਅਤੇ ਗੁਰਦੁਆਰਾ ਸੰਸਥਾ ਦਾ ਨਿਕਾਸ ਤੇ ਵਿਕਾਸ, ਪੰਜ ਪਿਆਰਿਆਂ ਦਾ ਸਿੱਖ/ਪੰਥਕ ਪ੍ਰਸੰਗ, ਧਰਮ-ਯੁੱਧ ਦਾ ਸਿੱਖ ਪ੍ਰਸੰਗ, ਚੁਣੌਤੀਆਂ ਅਤੇ ਸਮਾਧਾਨ ਦਾ ਸਿੱਖ ਪ੍ਰਸੰਗ, ਬਾਣੀ ਦੀ ਬੇਅਦਬੀ: ਮਸਲਾ, ਮਾਨਸਿਕਤਾ ਕਿ ਸਿਆਸਤ, ਗੁਰਬਾਣੀ ਦਾ ਸ਼ਬਦ-ਰਹੱਸ, ਦਸਤਾਰ ਦਾ ਸਿੱਖ ਪ੍ਰਸੰਗ, ਅਰਦਾਸ ਦਾ ਸਿੱਖ ਪ੍ਰਸੰਗ, ਸਿੱਖ ਸੰਸਥਾਵਾਂ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ, ਸ੍ਰੀ ਅਨੰਦਪੁਰ ਸਾਹਿਬ ਦਾ ਭੂਤ ਅਤੇ ਭਵਿਖ, ਸਿੱਖ-ਸਮਕਾਲੀਨਤਾ ਦੀਆਂ ਬਹੁ-ਸੱਭਿਆਚਾਰਕ ਲੋੜਾਂ, ਸੰਗਤ ਤੋਂ ਪੰਥ ਤੱਕ ਦੀ ਯਾਤਰਾ, ਸਿੱਖ ਧਰਮ ਨੂੰ ਦਰਪੇਸ਼ ਚੁਣੌਤੀਆਂ ਦਾ ਧਾਰਮਿਕ ਪ੍ਰਸੰਗ, ਸਿੱਖ ਧਰਮ ਦਾ ਮਾਨਵਵਾਦੀ ਪਰਿਪੇਖ, ਸ਼ਬਦ-ਮਾਡਲ ਦੀਆਂ ਸੰਬਾਦੀ ਸੰਭਾਵਨਾਵਾਂ, ਗ਼ਦਰ ਲਹਿਰ ਦਾ ਸਿੱਖ ਪ੍ਰਸੰਗ, ਸਿੱਖ ਪ੍ਰਵਾਸ ਦਾ ਬਹੁ-ਸੱਭਿਆਚਾਰਕ ਬਿਰਤਾਂਤ, ਸਿੱਖ, ਸਿੱਖੀ ਅਤੇ ਵਿਸ਼ਵਾਰਥੀ ਸਰੋਕਾਰ ਪੁਸਤਕ ਵਿਚ ਬਾਖੂਬੀ ਵਰਣਿਤ ਹੈ। ਗੁਰੂ-ਕਾਲ ਵਿਚ (1469-1708) ਗੁਰੂ-ਦੇਹੀ ਦੀ ਅਹਿਮ ਭੂਮਿਕਾ ਸੀ ਅਤੇ ਗੁਰੂ-ਕਾਲ ਤੋਂ ਬਾਅਦ ਗੁਰੂ ਦੇਹੀ ਦੀ ਭੂਮਿਕਾ, ਗੁਰੂ-ਜੋਤਿ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ 'ਗੁਰੂ ਮਾਨਿਓ ਗ੍ਰੰਥ' ਦੇ ਰੂਪ ਵਿਚ ਨਿਭਾਈ ਜਾਣ ਲੱਗ ਪਈ ਸੀ, ਜੋ ਲਗਾਤਾਰ ਗ੍ਰੰਥ ਅਤੇ ਪੰਥ ਦੇ ਰੂਪ ਵਿਚ ਨਿਭ ਰਹੀ ਹੈ ਅਤੇ ਕੁੱਲ ਸਮਿਆਂ ਵਿਚ ਹੀ ਨਿਭੀ ਜਾਣੀ ਹੈ। ਇਸ ਨਾਲ ਜੁੜੇ ਹੋਏ ਚਿੰਤਨ ਦੀਆਂ ਪੈੜਾਂ ਗੁਰੂ ਨਾਨਕ ਮਹਾਰਾਜ ਨੇ ਪਾ ਦਿੱਤੀਆਂ ਸਨ ਅਤੇ ਉਹੀ ਜੋਤਿ ਅਤੇ ਜੁਗਤ ਦੇ ਰੂਪ ਵਿਚ ਨਿਰੰਤਰ ਨਿਭਾਈਆਂ ਜਾਂਦੀਆਂ ਰਹੀਆਂ ਹਨ। ਇਸ ਪੁਸਤਕ ਵਿਚ ਲੇਖਕ ਵਲੋਂ ਸਿੱਖ ਸੱਭਿਆਚਾਰ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਦਰਜ ਸੰਕਲਪਾਂ/ ਰਾਹੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਨੇ ਬਾਖੂਬੀ ਇਸ ਪੁਸਤਕ ਵਿਚ ਸਮਝਾਉਣ ਦਾ ਯਤਨ ਕੀਤਾ ਹੈ ਕਿ ਸਿੱਖ ਧਰਮ ਜਾਂ ਸਿੱਖ ਧਰਮ ਦੇ ਪ੍ਰਾਸੰਗਿਕ ਆਧਾਰਾਂ ਨੂੰ ਹਰ ਸਮਕਾਲ ਦੇ ਹਾਣ ਦੇ ਧਰਮ ਵਜੋਂ ਆਮ ਜਗਿਆਸੂ ਦੇ ਮੁਹਾਵਰੇ ਵਿਚ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ। ਡਾ. ਸਰਬਜਿੰਦਰ ਸਿੰਘ ਲਿਖਦੇ ਹਨ ਕਿ 'ਸਿੱਖ-ਧਰਮ ਦੇ ਚਿੰਤਨ-ਪ੍ਰਸੰਗ ਦੀਆਂ ਪਰਤਾਂ' ਵਿਸ਼ੇ 'ਤੇ ਲਿਖੀ ਇਹ ਪੁਸਤਕ ਜਿੱਥੇ ਸ਼ੈਲੀ ਅਤੇ ਸੇਧ ਪੱਖੋਂ ਬਿਲਕੁਲ ਆਪਣੇ ਵਰਗੀ ਆਪ ਹੈ, ਉੱਥੇ ਇਸ ਵਿਚ ਜਿਸ ਢੰਗ ਨਾਲ ਸੰਕਲਪਾਂ ਦਾ ਪ੍ਰਕਾਸ਼ਨ ਜਾਂ ਵਿਆਖਿਆਕਾਰੀ ਕੀਤੀ ਹੈ, ਉਹ ਬਾ-ਕਮਾਲ ਵੀ ਤੇ ਲਾ-ਮਿਸਾਲ ਵੀ ਹੈ। ਇਸ ਦੇ ਨਾਲ-ਨਾਲ ਇਸ ਪੁਸਤਕ ਦੀ ਸਭ ਤੋਂ ਵਿਲੱਖਣ ਤੇ ਅਦਭੁੱਤ ਗੱਲ ਇਹ ਹੈ ਕਿ ਇਸ ਵਿਚ ਸਿੱਖ ਸੰਕਲਪਾਂ ਦੀ ਗੱਲ ਕਰਦੇ ਹੋਏ ਕਈ ਭਖਦੇ ਮੁੱਦਿਆਂ ਨੂੰ ਇਸ ਪੁਸਤਕ ਦਾ ਹਿੱਸਾ ਬਣਾਇਆ ਗਿਆ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 24 ਹੈ। ਸਿੱਖ ਭਾਈਚਾਰਾ, ਇਸ ਵੇਲੇ ਆਲਮੀ ਭਾਈਚਾਰਾ ਹੋ ਜਾਣ ਕਰਕੇ ਬਹੁ-ਸੱਭਿਆਚਾਰੀ ਭਾਈਚਾਰੇ ਵਿਚ ਪ੍ਰਵੇਸ਼ ਕਰ ਗਿਆ ਹੈ। ਇਸ ਵਾਸਤੇ ਲੋੜੀਂਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੈ। ਇਸੇ ਕਰਕੇ ਸਿੱਖ ਭਾਈਚਾਰੇ ਨੂੰ ਬਾਕੀ ਸੱਭਿਆਚਾਰਾਂ ਨਾਲ ਨਿਭਣ ਵਿਚ ਉਸ ਤਰ੍ਹਾਂ ਮੁਸ਼ਕਿਲਾਂ ਨਹੀਂ ਆ ਰਹੀਆਂ, ਜਿਸ ਤਰ੍ਹਾਂ ਬਹੁਤ ਸਾਰੇ ਧਰਮੀ-ਭਾਈਚਾਰਿਆਂ ਨੂੰ ਆ ਰਹੀਆਂ ਹਨ। ਇਸ ਨੁਕਤੇ ਨੂੰ ਬਹੁਤ ਖੂਬਸੂਰਤੀ ਨਾਲ 'ਸਿੱਖ ਪਰਵਾਸ ਦਾ ਬਹੁ ਸੱਭਿਆਚਾਰਕ ਬਿਰਤਾਂਤ' 'ਸਿੱਖ ਸਮਕਾਲੀਨਤਾ ਦੀਆਂ ਬਹੁ-ਸੱਭਿਆਚਾਰ ਲੋੜਾਂ' ਵਿਚ ਵਿਸ਼ੇਸ਼ ਤੌਰ 'ਤੇ ਰੂਪਮਾਨ ਕੀਤਾ ਹੈ। ਬੇਸ਼ੱਕ ਇਹ ਅਕਾਦਮਿਕ ਪੱਖ ਸਾਹਮਣੇ ਨਹੀਂ ਆ ਸਕਿਆ ਅਤੇ ਇਸ ਨੂੰ ਲੈ ਕੇ ਗੁਰਮਤਿ ਦੇ ਵਾਰਸਾਂ 'ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸਿੱਖ, ਅਮੀਰ ਵਿਰਸੇ ਦੇ ਗ਼ਰੀਬ ਮਾਲਕ ਹੋ ਗਏ ਹਨ। ਸੰਬੰਧਿਤ ਪੁਸਤਕ ਵਿਚ ਵਿਦਵਾਨ ਲੇਖਕ ਇਹ ਪ੍ਰਵਾਨ ਕਰਕੇ ਤੁਰਦੇ ਪ੍ਰਤੀਤ ਹੁੰਦੇ ਹਨ ਕਿ ਕੋਰੀ-ਸੰਤੁਸ਼ਟੀ ਵਿਕਾਸ ਵਿਚ ਅਕਸਰ ਬੰਧਨ ਦਾ ਕੰਮ ਕਰਦੀ ਹੈ। ਇਸ ਗੱਲ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਪੇਸ਼ ਕਰਦੇ ਹੋਏ ਪੁਸਤਕ ਰਚੇਤਾ ਇਹ ਮਹਿਸੂਸ ਕਰਦੇ ਨਜ਼ਰ ਆਉਂਦੇ ਹਨ ਕਿ ਸਿੱਖ ਭਾਈਚਾਰਾ ਅਛੋਪਲੇ ਹੀ ਬਾਣੀ ਦੇ ਸਿੱਖ ਹੋਣ ਦੀ ਥਾਂ ਇਤਿਹਾਸ ਦੇ ਸਿੱਖ ਹੋ ਜਾਣ ਵੱਲ ਤੁਰ ਪਿਆ ਹੈ। ਇਹ ਨਜਰ ਆ ਰਹੀ ਵੰਡ ਨੂੰ ਵੰਗਾਰ ਵਾਂਗ ਲਏ ਜਾਣ ਦੀ ਲੋੜ 'ਤੇ ਉਹ ਜ਼ੋਰ ਦਿੰਦੇ ਹਨ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਮਸਲਾ-ਏ-ਹੱਲ ਕਸ਼ਮੀਰ
ਲੇਖਕ: ਹਰਪ੍ਰੀਤ ਸਿੰਘ 'ਲਾਲੀ'
ਪ੍ਰਕਾਸ਼ਕ : ਪ੍ਰਿੰਟਵੈੱਲ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫੇ : 70
ਸੰਪਰਕ : 98882-24772
ਇਹ ਇਕ ਨਾਟਕੀ ਰੂਪਾਂਤਰਣ ਹੈ, ਜਿਸ ਦਾ ਮੱਖ ਪਾਤਰ 'ਲਾਲੀ' ਇਕ ਦਿਹਾੜੀਦਾਰ ਬੰਦਾ, ਜੋ ਘੜੀਸਾਜ਼ ਹੈ ਅਤੇ 77 ਸਾਲਾਂ ਤੋਂ ਵਗ ਰਹੇ ਖੂਨ ਦੇ ਦਰਿਆ ਨੂੰ ਰੋਕਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਕਰਨ ਦੀ ਹਿਮਾਕਤ ਕਰਦਾ ਹੈ। ਲਾਲੀ ਦਾ ਵਿਚਾਰ ਹੈ ਕਿ ਅਸੀਂ ਵੀ ਕਸ਼ਮੀਰ ਮਸਲੇ ਦਾ ਹੱਲ ਕਰਕੇ ਦੁਨੀਆ ਅੱਗੇ ਇਕ ਮਿਸਾਲ ਪੇਸ਼ ਕਰ ਸਕਦੇ ਹਾਂ। ਬਸ ਇਕ-ਇਕ ਟੀਮ ਬਣਾ ਕੇ ਦੋਵੇਂ ਦੇਸ਼ ਇਕ ਸ਼ੁਰੂਆਤ ਕਰਨ ਅਤੇ ਉਹ ਟੀਮ ਦੋਵਾਂ ਦੇਸ਼ਾਂ ਨੂੰ ਇਕੱਠਿਆਂ ਕਰਨ ਲਈ ਕੰਮ ਕਰਨਾ ਸ਼ੁਰੂ ਕਰਨ। ਜਿਵੇਂ-ਜਿਵੇਂ ਪਾਤਰਾਂ ਦਾ ਵਾਰਤਾਲਾਪ ਅੱਗੇ ਵਧਦਾ ਹੈ ਕਹਾਣੀ ਵਿਸਤਾਰ ਲੈਂਦੀ ਹੈ ਤਾਂ ਲਗਦਾ ਹੈ ਕਿ ਕਾਸ਼! ਇਹ ਕੰਮ ਲਾਲੀ ਦੇ ਵਿਚਾਰ ਜਿੰਨਾ ਸੌਖਾ ਹੋ ਸਕਦਾ। ਲਾਲੀ ਦੀ ਇਹ ਸੋਚ ਉਨ੍ਹਾਂ ਸ਼ਹੀਦ ਫੌਜੀਆਂ ਨੂੰ ਸਮਰਪਿਤ ਹੈ, ਜੋ ਨਿੱਤ ਸਰਹੱਦ ਦੀ ਰੱਖਿਆ ਕਰਦੇ ਸ਼ਹੀਦ ਹੁੰਦੇ ਹਨ। ਲਾਲੀ ਆਪਣੇ ਦੋਸਤ ਪ੍ਰਿੰਸ ਨਾਲ ਆਪਣਾ ਇਹ ਵਿਚਾਰ ਸਾਂਝਾ ਕਰਦਾ ਹੈ। ਪ੍ਰਿੰਸ ਪਹਿਲਾਂ ਤਾਂ ਲਾਲੀ ਦੀ ਸੋਚ 'ਤੇ ਹੈਰਾਨ ਹੁੰਦਾ ਹੈ ਤੇ ਕਹਿੰਦਾ ਹੈ ਕਿ 77 ਸਾਲਾਂ ਤੋਂ ਜੋ ਸਰਕਾਰਾਂ ਨਹੀਂ ਕਰ ਸਕੀਆਂ ਉਹ ਤੇਰੀ ਸੋਚ ਕਰੇਗੀ? ਪ੍ਰਿੰਸ ਲਾਲੀ ਦੀ ਗੱਲ ਨੂੰ ਜਾਗਦਿਆਂ ਹੋਇਆਂ ਸੁਪਨੇ ਵੇਖਣ ਵਾਲੀ ਗੱਲ ਕਹਿ ਕੇ ਉਸ ਨੂੰ ਕੰਮ ਵੱਲ ਧਿਆਨ ਕਰਨ ਦੀ ਸਲਾਹ ਦਿੰਦਾ ਹੈ ਪਰ ਲਾਲੀ ਆਪਣੀ ਗੱਲ 'ਤੇ ਬਜ਼ਿੱਦ ਹੈ, ਉਹ ਚਾਹੁੰਦਾ ਹੈ ਕਿ ਉਸ ਦੇ ਇਸ ਵਿਚਾਰ ਨੂੰ ਭਾਰਤ ਦੀ ਸੰਸਦ ਵਿਚ ਦੱਸਿਆ ਜਾਏ। ਬੱਸ ਏਥੋਂ ਸ਼ੁਰੂ ਹੰਦਾ ਹੈ ਲਾਲੀ ਦੇ ਇਸ ਭੋਲੇ ਵਿਚਾਰ ਦਾ ਰਾਜਨੀਤੀਕਰਨ ਜਾਂ ਕਹਿ ਲਓ ਕਿ ਲਾਲੀ ਦਾ ਇਹ ਵਿਚਾਰ ਸਾਡੀ ਭਾਰਤੀ ਰਾਜਨੀਤੀ ਦੀ ਭੇਟ ਚੜ੍ਹਦਾ ਹੈ। ਲਾਲੀ ਅਤੇ ਪ੍ਰਿੰਸ ਦੋਵੇਂ ਭਾਰਤੀ ਸਮਾਜ ਦੇ ਉਸ ਤਬਕੇ ਦੀ ਤਰਜਮਾਨੀ ਕਰਦੇ ਹਨ, ਜੋ ਸਹੀ ਮਾਇਨਿਆਂ ਵਿਚ ਕਸ਼ਮੀਰ ਮਸਲੇ ਦਾ ਹੱਲ ਚਾਹੰਦੇ ਹਨ ਅਤੇ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਫਿਰ ਤੋਂ ਇਕ ਵੇਖਣ ਦੀ ਤਾਂਘ ਰੱਖਦੇ ਹਨ। ਪਰ ਸਾਡੇ ਦੇਸ਼ ਦੇ ਨੇਤਾ ਇਸ ਮਸਲੇ ਦੇ ਹੱਲ ਲਈ ਕੋਸ਼ਿਸ਼ ਕਰਨੀ ਤਾਂ ਦੂਰ, ਸਗੋਂ ਇਸ ਮਸਲੇ ਨੂੰ ਹੋਰ ਭਖਦਾ ਰੱਖ ਕੇ ਕਿਵੇਂ ਆਪਣੀ ਰਾਜਨੀਤੀ ਚਮਕਾਉਣੀ ਹੈ ਅਤੇ ਕਿਵੇਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ ਹਨ, ਵਰਗੀ ਸੋਚ ਵਿਚ ਹਨ। ਪ੍ਰਿੰਸ ਅਤੇ ਲਾਲੀ ਵਰਗੀ ਭੋਲੀ ਜਨਤਾ ਕਿਵੇਂ ਇਨ੍ਹਾਂ ਰਾਜਨੀਤੀਕ ਹਸਤੀਆਂ ਦੇ ਹੱਥੇ ਚੜ੍ਹ ਕੇ ਕਿਵੇਂ ਬਰਬਾਦ ਹੁੰਦੀ ਹੈ, ਲਾਲੀ ਦੀ ਹਾਲਤ ਇਸ ਸਥਿਤੀ ਨੂੰ ਬਾਖੂਬੀ ਪੁਸਤਕ ਦੇ ਅੰਤ ਵਿਚ ਬਿਆਨ ਕਰਦੀ ਹੈ। ਕੁੱਲ ਮਿਲਾ ਕੇ ਹਰਪ੍ਰੀਤ ਸਿੰਘ ਵਧਾਈ ਦੇ ਪਾਤਰ ਹਨ ਇਕ ਨਾਮੁਮਕਿਨ ਸੋਚ ਦਾ ਆਗਾਜ਼ ਕਰਨ ਲਈ।
-ਡਾ. ਜਸਬੀਰ ਕੌਰ
ਮੋਬਾਈਲ: 98721-17774
ਨੰਗੇਜ਼
ਅਤੇ ਹੋਰ ਚਰਚਿਤ ਕਹਾਣੀਆਂ
ਲੇਖਕ : ਜਤਿੰਦਰ ਸਿੰਘ ਹਾਂਸ
ਪ੍ਰਕਾਸ਼ਕ : ਊੜਾ ਪਬਲੀਕੇਸ਼ਨ ਮੋਗਾ
ਮੁੱਲ : 300 ਰੁਪਏ, ਸਫ਼ੇ : 150
ਸੰਪਰਕ : 94633-52107
ਜਤਿੰਦਰ ਸਿੰਘ ਹਾਂਸ ਪੰਜਾਬੀ ਕਹਾਣੀ ਦਾ ਉੱਘਾ ਹਸਤਾਖਰ ਹੈ। ਉਸ ਦੀਆਂ ਛਪੀਆਂ 9 ਕਿਤਾਬਾਂ ਵਿਚ ਕਹਾਣੀ, ਨਾਵਲ, ਬਾਲ ਕਹਾਣੀ, ਹਿੰਦੀ ਕਹਾਣੀ, ਸੰਪਾਦਿਤ ਕਹਾਣੀ, ਸੰਗ੍ਰਹਿ ਹਨ। ਉਸ ਦੇ ਨਾਵਲ 'ਬਸ ਅਜੇ ਏਨਾ ਹੀ, ਨੂੰ ਇੰਟਰਨੈਸ਼ਨਲ ਢਾਹਾਂ ਪੁਰਸਕਾਰ ਮਿਲ ਚੁੱਕਾ ਹੈ। ਉਸ ਦੀਆਂ ਕਿਤਾਬਾਂ ਦੇ ਪੰਜ-ਪੰਜ ਐਡੀਸ਼ਨ ਛਪ ਚੁੱਕੇ ਹਨ। ਜਤਿੰਦਰ ਹਾਂਸ ਦੀ ਕਹਾਣੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਹਥਲੀ ਕਿਤਾਬ ਵਿਚ ਉਸ ਦੀਆਂ ਚਰਚਿਤ ਕਹਾਣੀਆਂ ਸ਼ਾਮਿਲ ਹਨ। ਪਹਿਲੀ ਕਹਾਣੀ 'ਨੰਗੇਜ਼' ਵਿਚ ਇਕ ਔਰਤ ਦੇ ਦੋ ਰੂਪ ਹਨ। ਸਾਰੀ ਉਮਰ ਔਰਤ ਬਦਨਾਮ ਰਹੀ ਹੈ। ਕਾਫੀ ਸਮੇਂ ਪਿਛੋਂ ਉਹ ਧਾਰਮਿਕ ਮਾਰਗ 'ਤੇ ਚਲਦੀ ਹੈ। ਲੋਕ ਗੱਲਾਂ ਕਰਦੇ ਹਨ। ਕਹਾਣੀ ਦਾ ਮਰਦ ਪਾਤਰ ਵੀ ਇਸੇ ਮਾਨਸਿਕਤਾ ਵਾਲਾ ਹੈ। ਬੜੀ ਜੁਗਤ ਨਾਲ ਲੇਖਕ ਮਰਦ ਔਰਤ ਦਾ ਕਿਰਦਾਰ ਪੇਸ਼ ਕਰਦਾ ਹੈ। ਕਹਾਣੀ 'ਪਾਵੇ ਨਾਲ ਬੰਨ੍ਹਿਆ ਕਾਲ' ਦੀ ਫਿਜ਼ਾ ਵੀ ਧਾਰਮਿਕ ਸਥਾਨ ਵਾਲੀ ਹੈ। ਇਕ ਸ਼ਰਾਬੀ ਪਾਤਰ ਤੀਵੀਂ ਨੂੰ ਕੁੱਟਦਾ ਮਾਰਦਾ ਹੈ। ਵਧੇਰੇ ਕਹਾਣੀਆ ਵਿਚ ਮਰਦ-ਔਰਤ ਸੰਬੰਧਾਂ ਦੀ ਚਰਚਾ ਹੈ। ਕਹਾਣੀਆਂ ਵਿਚ ਨਾਜਾਇਜ਼ ਰਿਸ਼ਤੇ ਉਸਰਦੇ ਹਨ। ਕਹਾਣੀ 'ਲੁਤਰੋ' ਦੀ ਔਰਤ ਘਰੇਲੂ ਕੰਮ ਕਰਦੀ ਹੈ। ਮਾਲਕਣ ਨਾਲ ਗੱਲਾਂ ਬਹੁਤ ਕਰਦੀ ਹੈ, ਕਿਸੇ ਵੇਲੇ ਚੁੱਪ ਨਹੀਂ ਰਹਿੰਦੀ। ਕਹਾਣੀ ਆਓ ਪਿਆਰ ਕਰੀਏ ਦੀ ਔਰਤ ਪੜ੍ਹੀ ਲਿਖੀ ਹੁਸੀਨ ਔਰਤ ਹੈ। ਅਫ਼ਸਰ ਹੈ। ਪਤੀ ਉਸ ਦੇ ਕਿਰਦਾਰ 'ਤੇ ਸ਼ੱਕ ਕਰਦਾ ਹੈ। ਗਰਭਵਤੀ ਹੋਣ 'ਤੇ ਸ਼ੱਕ ਕਰਦਾ ਹੈ ਕਿ ਉਹ ਉਸ ਮਹੀਨੇ ਘਰੋਂ ਬਾਹਰ ਗਈ ਸੀ। ਹੋਣ ਵਾਲੇ ਬੱਚੇ ਨੂੰ ਨਾਜਾਇਜ਼ ਸਮਝਦਾ ਹੈ। ਅਖੀਰ ਤਲਾਕ ਹੋ ਜਾਂਦਾ ਹੈ। ਇਕ ਕਹਾਣੀ ਵਿਚ ਸਰਕਾਰੀ ਤੇ ਪ੍ਰਾਈਵੇਟ ਪਬਲਿਕ ਸਕੂਲਾਂ ਵਿਚ ਸਮਾਨਤਾ ਦਿਵਸ ਮਨਾਏ ਜਾਣ ਦੀ ਗਾਥਾ ਹੈ। ਸਮਾਗਮ ਵਿਚ ਸਰਕਾਰੀ ਸਕੂਲ ਦਾ ਸ਼ਰਾਰਤੀ ਜਿਹਾ ਬੱਚਾ ਸ਼ਰਾਬੀ ਦੀ ਸਕਿਟ ਪੇਸ਼ ਕਰਕੇ ਬਾਜ਼ੀ ਮਾਰ ਜਾਂਦਾ ਹੈ। ਸਕੂਲਾਂ ਦੇ ਅਧਿਆਪਕ ਗੱਲਾਂ-ਗੱਲਾਂ ਵਿਚ ਨਿੱਜੀ ਸਕੂਲ ਦੀਆਂ ਮੈਡਮਾਂ ਦੀਆਂ ਘਟ ਤਨਖਾਹਾਂ ਦਾ ਜ਼ਿਕਰ ਕਰਦੇ ਹਨ। ਅਧਿਆਪਕਾਂ ਦੀ ਨੇੜਤਾ ਦਾ ਦਿਲਚਸਪ ਮਾਹੌਲ ਬਣਦਾ ਹੈ। ਰਾਹੂ ਕੇਤੂ ਲੰਮੀ ਕਹਾਣੀ ਹੈ, ਬਜ਼ੁਰਗ ਪਾਤਰ ਦੀ ਪੈਨਸ਼ਨ ਦਾ ਮਸਲਾ ਹੈ। ਤੱਖੀ ਕਹਾਣੀ ਵਿਚ ਸਪੇਰੇ ਦਾ ਜਵਾਨ ਪੁਤ ਸੱਪ ਦੇ ਡੰਗ ਨਾਲ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਜੰਗ ਲੜਦਾ ਹੈ। ਪਰ ਬਾਪ ਗਿੱਦੜਸਿੰਗੀ ਦੀਆਂ ਗੱਲਾਂ ਕਰੀ ਜਾਂਦਾ ਹੈ। ਬੇ-ਰਵਾਜਾ ਸੂਟ ਵਿਚ ਸਿਰਲੇਖ ਬਣਾ ਕੇ ਵੱਖ ਵੱਖ ਦ੍ਰਿਸ਼ਾਂ ਨੂੰ ਪੇਸ਼ ਕੀਤਾ ਹੈ। ਨਵੀ ਸ਼ੈਲੀ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160
ਗੁੰਮਰਾਹ
ਨਾਵਲਕਾਰ : ਭੁਪਿੰਦਰ ਸਿੰਘ ਮਾਨ
ਪ੍ਰਕਾਸ਼ਕ : ਵਰਡ ਲਾਈਟ ਪਬਲੀਕੇਸ਼ਨ ਮਾਨਸਾ
ਮੁੱਲ : 270 ਰੁਪਏ, ਸਫ਼ੇ : 184
ਸੰਪਰਕ : 94170-81419
'ਗੁੰਮਰਾਹ' ਨਾਵਲ ਭੁਪਿੰਦਰ ਸਿੰਘ ਮਾਨ ਦਾ ਲਿਖਿਆ ਹੋਇਆ ਅਜਿਹਾ ਨਾਵਲ ਹੈ, ਜਿਸ ਵਿਚ ਕਿਸੇ ਵਿਅਕਤੀ ਦੇ ਰਾਹ ਤੋਂ ਭਟਕ ਜਾਣ ਅਤੇ ਫਿਰ ਜੁਰਮ ਦੀ ਦੁਨੀਆ ਵਿਚ ਗਆਚ ਕੇ ਆਪਣੀ ਜਾਨ ਤੋਂ ਹੱਥ ਧੋਣ ਦੇ ਬਿਰਤਾਂਤ ਨੂੰ ਸਿਰਜਿਆ ਗਿਆ ਹੈ। ਨਾਵਲਕਾਰ ਨੇ ਨਾਵਲ ਦੇ ਬਿਰਤਾਂਤ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਈ ਵਾਰੀ ਮਨੁੱਖ ਨਾਲ ਸਮਾਜ ਵਿਚ ਹੋਈਆਂ ਬੇਇਨਸਾਫ਼ੀਆਂ ਅਤੇ ਬੇਨਿਯਮੀਆਂ ਵੀ ਉਸ ਨੂੰ ਜੁਰਮ ਦੇ ਰਸਤੇ 'ਤੇ ਤੋਰ ਦਿੰਦੀਆਂ ਹਨ, ਜਿਨ੍ਹਾਂ ਵੱਲ ਜਾਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੁੰਦਾ। ਉਸ ਨੇ ਸੁਪਨੇ ਵਿਚ ਵੀ ਸੋਚਿਆ ਨਹੀਂ ਹੁੰਦਾ ਕਿ ਜ਼ਿੰਦਗੀ ਦਾ ਚਾਨਣ ਕਿਵੇਂ ਹਨੇਰੇ ਵਿਚ ਬਦਲ ਜਾਵੇਗਾ। ਇਸ ਨਾਵਲ ਵਿਚਲਾ ਪਾਤਰ ਦੀਪੀ ਵੀ ਅਜਿਹਾ ਹੀ ਪਾਤਰ ਹੈ, ਜੋ ਸਕੂਲੀ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਖੇਡਾਂ ਵਿਚ ਉਸ ਤੋਂ ਵੀ ਜ਼ਿਆਦਾ ਅੱਗੇ ਸੀ ਪਰ ਸਕੂਲ ਵਿਚ ਇਕ ਅਧਿਆਪਿਕਾ ਵਲੋਂ ਉਸ ਦੇ ਦੋਸਤ ਹੈਰੀ ਨੂੰ ਬਿਨਾਂ ਵਜ੍ਹਾ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਹਰ ਰੋਜ਼ ਹੈਰੀ ਬੇਦੋਸ਼ਾ ਹੋਣ ਦੇ ਬਾਵਜੂਦ ਵੀ ਮੈਡਮ ਦੀ ਕੁੱਟ ਦਾ ਸ਼ਿਕਾਰ ਹੁੰਦਾ। ਮੈਡਮ ਦੇ ਹੈਰੀ ਨੂੰ ਕੁੱਟਣ ਦੀ ਵਜ੍ਹਾ ਇਹ ਸੀ ਕਿ ਮੈਡਮ ਦੇ ਘਰ ਵਾਲੇ ਦਾ ਸ਼ਹਿਰ ਵਿਚ ਵੱਡਾ ਕਾਰੋਬਾਰ ਸੀ ਅਤੇ ਉਸ ਦਾ ਲੜਕਾ ਇਕ ਵਿਗੜੀ ਔਲਾਦ ਸੀ ਜਿਹੜਾ ਸ਼ਹਿਰ ਵਿਚ ਹੀ ਪੜ੍ਹਦਾ ਸੀ ਪਰ ਮੈਡਮ ਨਾਲ ਸਕੂਲ ਵਿਚ ਆ ਕੇ ਖਰਮਸਤੀ ਕਰਦਾ ਸੀ। ਹੈਰੀ ਨਾਲ ਉਲਝਣ 'ਤੇ ਹੈਰੀ ਨੇ ਉਸ ਨੂੰ ਕੁੱਟ ਦਿੱਤਾ। ਇਸ ਕਾਰਨ ਉਹ ਨਿੱਤ ਮੈਡਮ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗਾ। ਇਹ ਦੀਪੀ ਨੂੰ ਬਰਦਾਸ਼ਤ ਨਹੀਂ ਸੀ। ਇਸ ਕਰਕੇ ਉਸ ਨੇ ਇਕ ਦਿਨ ਮੈਡਮ ਦੇ ਪੱਥਰ ਮਾਰ ਦਿੱਤਾ। ਇਥੋਂ ਹੀ ਉਸ ਦੀ ਜੁਰਮ ਦੀ ਦੁਨੀਆ ਵੱਲ ਪੈੜ ਸ਼ੁਰੂ ਹੋ ਜਾਂਦੀ ਹੈ। ਉਹ ਚੰਗਾ ਖਿਡਾਰੀ ਬਣਦਾ ਹੈ ਪਰ ਉੱਥੇ ਵੀ ਨਾਇਨਸਾਫ਼ੀ ਹੁੰਦੀ ਹੈ ਤੇ ਬਾਹਰ ਖੇਡਣ ਜਾਣ ਵਾਲੀ ਟੀਮ ਵਿਚ ਕੋਈ ਫਰਮਾਇਸ਼ੀ ਖਿਡਾਰੀ ਰੱਖ ਕੇ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਸਿਮਰਨ ਵਰਗੇ ਨੌਜਵਾਨ ਦੇ ਸੰਪਰਕ ਵਿਚ ਆ ਕੇ ਦੀਪੀ ਬਹੁਤ ਸਾਰੀਆਂ ਲੜਾਈਆਂ ਅਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਜਿਸ ਦੀ ਪੁਸ਼ਤ-ਪਨਾਹੀ ਲੀਡਰਾਂ ਵਲੋਂ ਕੀਤੀ ਜਾਂਦੀ ਹੈ ਕਿਉਂਕਿ ਉਹ ਦੀਪੀ ਵਰਗੇ ਨੌਜਵਾਨ ਤੋਂ ਆਪਣਾ ਲਾਹਾ ਲੈਣਾ ਚਾਹੁੰਦੇ ਹਨ। ਇਸੇ ਕਰਕੇ ਹੀ ਦੀਪੀ ਦੇ ਮਾਪੇ ਵੀ ਜ਼ੁਲਮ ਸਹਿੰਦੇ ਹਨ। ਨਾਵਲਕਾਰ ਨੇ ਨਾਵਲੀ ਬਿਰਤਾਂਤ ਵਿਚ ਪਿਛਲਝਾਤ ਦੀ ਜੁਗਤ ਦੁਆਰਾ ਪਹਿਲੇ ਕਾਂਡ ਅਤੇ ਨਾਵਲ ਦੇ ਅੰਤ ਨੂੰ ਆਪਸ ਵਿਚ ਜੋੜਿਆ ਹੈ, ਜਿਥੇ ਦੀਪੀ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਹੈ। ਨਾਵਲ ਵਿਚ ਬਿਰਤਾਂਤਕ ਅਤੇ ਵਾਰਤਾਲਾਪੀ ਜੁਗਤਾਂ ਦਾ ਇਸਤੇਮਾਲ ਕਰਦਿਆਂ ਨਾਵਲ ਨੇ ਹੋਰ ਵਿਸ਼ਿਆਂ ਜਿਵੇਂ ਨਸ਼ੇ ਅਤੇ ਬਾਹਰ ਜਾਣ ਦੀ ਸਮੱਸਿਆ ਨੂੰ ਵੀ ਪੇਸ਼ ਕੀਤਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਹਿੰਮਤ ਦਾ ਹੁਨਰ
ਲੇਖਕ : ਤਰਸੇਮ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਪੰਨੇ 108
ਸੰਪਰਕ : 98159-76485
ਬਾਲ ਸਾਹਿਤ ਦੀ ਨਿਰੰਤਰ ਸਿਰਜਣ ਪ੍ਰਕਿਰਿਆ ਵਿਚ ਕਾਰਜਸ਼ੀਲ ਤਰਸੇਮ ਜਾਣਿਆ-ਪਛਾਣਿਆ ਨਾਂਅ ਹੈ। ਬਾਲ ਕਹਾਣੀ-ਸੰਗ੍ਰਹਿ 'ਹਿੰਮਤ ਦਾ ਹੁਨਰ' ਉਸ ਦਾ ਨਵ-ਪ੍ਰਕਾਸ਼ਿਤ ਕਥਾ-ਸੰਕਲਨ ਹੈ। ਇਨ੍ਹਾਂ ਬਾਲ ਕਹਾਣੀਆਂ ਦੀ ਵਰਗ-ਵੰਡ ਦੇ ਆਧਾਰ 'ਤੇ ਨਿਰਖ ਪਰਖੀ ਕੀਤੀ ਜਾਵੇ ਤਾਂ ਇਨ੍ਹਾਂ ਦਾ ਪਾਸਾਰ ਸਮਾਜਿਕ, ਪਰਿਵਾਰਕ, ਜੀਵ-ਜੰਤੂ ਸੰਸਾਰ, ਵਿੱਦਿਅਕ, ਖੇਡਾਂ, ਸੈਰ-ਸਪਾਟੇ ਆਦਿ ਦੇ ਨਾਲ-ਨਾਲ ਸੱਭਿਆਚਾਰਕ ਅਤੇ ਮਾਤ-ਭਾਸ਼ਾ ਦੇ ਦਾਅਰਿਆਂ ਵਿਚ ਫੈਲਿਆ ਹੋਇਆ ਹੈ। ਕਹਾਣੀਕਾਰ ਇਨ੍ਹਾਂ ਕਹਾਣੀਆਂ ਵਿਚ ਪਾਤਰਾਂ ਨਾਲ ਵਾਪਰ ਰਹੀਆਂ ਗੁੰਝਲਦਾਰ ਅਤੇ ਤਣਾਅਯੁਕਤ ਪ੍ਰਸਥਿਤੀਆਂ ਵਾਲੇ ਘਟਨਾਕ੍ਰਮ ਨੂੰ ਆਪਣੀਆਂ ਰਚਨਾਤਮਕ ਛੂਹਾਂ ਦੇ ਕੇ ਇਕ ਸੁਖਾਵਾਂ ਅਤੇ ਉਸਾਰੂ ਕਿਸਮ ਦਾ ਮੋੜ ਦੇ ਦਿੰਦਾ ਹੈ। 'ਪੰਚਤੰਤਰ' ਦੀਆਂ ਕਹਾਣੀਆਂ ਵਾਂਗ ਉਸ ਦੀਆਂ ਬਹੁਤੀਆਂ ਕਹਾਣੀਆਂ ਦੇ ਪਾਤਰ ਮਨੁੱਖਾਂ ਵਾਂਗ ਬੋਲਦੇ ਹਨ, ਆਪਣੇ ਮਕਸਦ ਦੀ ਪੂਰਤੀ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਨੀਤੀ ਦੀ ਉਚਿਤ ਵਰਤੋਂ ਕਰਨੀ ਵੀ ਦੱਸਦੇ ਹਨ। ਆਪਣੇ ਰਾਹ ਵਿਚ ਆਈਆਂ ਵਿਰੋਧੀ ਜਾਂ ਮੁਖ਼ਾਲਿਫ਼ ਪ੍ਰਸਥਿਤੀਆਂ ਨਾਲ ਟੱਕਰ ਲੈਂਦੇ ਹਨ। ਭੈੜੀ ਸੋਚਣੀ ਦੇ ਮਾਲਕ, ਮੱਕਾਰ, ਝੂਠੇ, ਜ਼ੁਲਮੀ, ਚੁਗਲਖ਼ੋਰ, ਨਿੰਦਕ, ਬੇਈਮਾਨ, ਈਰਖਾਲੂ, ਸੜੀਅਲ ਜਾਂ ਦੂਜਿਆਂ ਦੀ ਪ੍ਰਾਪਤੀ ਨੂੰ ਵੇਖ ਕੇ ਨਾ ਸੁਹਾਉਣ ਵਾਲੇ ਕਿਰਦਾਰ ਮੂੰਹ ਦੀ ਖਾ ਕੇ ਡਿੱਗਦੇ ਹਨ ਅਤੇ ਪਰਉਪਕਾਰੀ, ਈਮਾਨਦਾਰ ਅਤੇ ਧਰਮੀ ਕਿਸਮ ਦੇ ਪਾਤਰ ਜੇਤੂ ਹੋ ਕੇ ਨਿਕਲਦੇ ਹਨ। ਇਸ ਸੰਦਰਭ ਵਿਚ ਜੀਵ-ਜੰਤੂ ਸੰਸਾਰ ਨਾਲ ਉਸ ਦੀਆਂ ਅਜਿਹੀਆਂ ਵਸਤੂ-ਜਗਤ ਵਾਲੀਆਂ ਕਹਾਣੀਆਂ ਵਿਚੋਂ 'ਰੰਗ ਬਿਰੰਗੀ ਤਿਤਲੀ', 'ਰਾਣੀ ਮੱਛੀ', 'ਕਰਨ ਦੀ ਚਿੜੀ', 'ਨਿੱਕੇ ਡੱਡੂ','ਤਿੰਨ ਦੋਸਤ', 'ਟਟੀਹਰੀ ਤੇ ਉਸ ਦੇ ਬੱਚੇ','ਨੇਕ ਕਬੂਤਰ', 'ਸੱਪ ਤੇ ਪੰਛੀ', 'ਸਾਬਾਸ਼ ਸੁਮਨ' ਅਤੇ 'ਰੱਬ ਦੇ ਜੀਅ' ਕਹਾਣੀਆਂ ਵਿਸ਼ੇਸ਼ ਉਲੇਖਯੋਗ ਹਨ। ਇਸ ਸੰਗ੍ਰਹਿ ਵਿਚ ਕੁਝ ਕਹਾਣੀਆਂ ਮਾਨਵਵਾਦੀ ਕਦਰਾਂ-ਕੀਮਤਾਂ ਦਾ ਪ੍ਰਚਾਰ ਪ੍ਰਸਾਰ ਕਰਦੀਆਂ ਹੋਈਆਂ ਬਾਲ ਪਾਠਕ ਦੀ ਚਰਿੱਤਰ ਉਸਾਰੀ ਵਿਚ ਯਥਾਯੋਗ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਪ੍ਰੇਰਨਾਤਮਕ ਵਿਧੀ ਰਾਹੀਂ ਖੇਡ-ਖਿਡੌਣਿਆਂ ਦੀਆਂ ਸਰਗਰਮੀਆਂ ਰਾਹੀਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਗੱਲ ਕਰਦਾ ਹੋਇਆ ਦੋਸਤਾਨਾ ਮਾਹੌਲ ਸਿਰਜਦਾ ਹੈ। 'ਚਲੋ ਰੋਟੀ ਲੱਭੀਏ, 'ਖਿਡਾਰੀ, 'ਨਿੱਕਾ ਸਾਵੀ, 'ਬੱਚੇ ਪੜ੍ਹਦੇ ਹੀ ਚੰਗੇ ਲੱਗਦੇ ਨੇ, 'ਸਾਈਕਲ ਦੋਸਤ, 'ਹਰੀ ਕਿਸ਼ਤੀ, 'ਅਨਾਰਾਂ ਵਾਲਾ ਵਿਹੜਾ, 'ਰਿੰਕੂ ਦੀ ਸਿਆਣਪ, 'ਜੇਠੀ' ਆਦਿ ਕਹਾਣੀਆਂ ਵਿਚੋਂ ਅਜਿਹੇ ਹੀ ਸੁਨੇਹੇ ਮਿਲਦੇ ਹਨ। ਮਾਂ-ਬੋਲੀ ਦੀ ਵਡਿਆਈ ਅਤੇ ਵਿਦਿਅਕ ਪਾਸਾਰੇ ਨਾਲ ਸੰਬੰਧਿਤ ਕਹਾਣੀਆਂ ਜਿਹੜਾ ਮਾਂ-ਬੋਲੀ ਨਾ ਜਾਣੇ ਅਤੇ ਪਿਆਜ਼ੀ ਡੰਕ ਵੀ ਆਪਣੇ ਮਕਸਦ ਦੀ ਪੂਰਤੀ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਪਾਤਰ-ਚਿਤਰਣ ਪਾਤਰਾਂ ਦੇ ਸੁਭਾਅ ਦੇ ਅਨੁਕੂਲ ਹੈ ਅਤੇ ਢੁਕਵੇਂ ਅਖਾਣਾਂ ਮੁਹਾਵਰਿਆਂ ਦਾ ਵੀ ਉਚਿਤ ਇਸਤੇਮਾਲ ਕੀਤਾ ਗਿਆ ਹੈ। ਜੇ ਕਹਾਣੀਆਂ ਨਾਲ ਢੁਕਵੇਂ ਚਿੱਤਰ ਵੀ ਦਿੱਤੇ ਜਾਂਦੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਣੀ ਸੀ। ਕੁੱਲ ਮਿਲਾ ਕੇ ਇਹ ਪੁਸਤਕ ਇਕ ਪੜ੍ਹਨਯੋਗ ਕ੍ਰਿਤ ਸਿੱਧ ਹੁੰਦੀ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703
ਲਵ ਪ੍ਰੋਜੈਕਟ
ਲੇਖਕ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 148
ਸੰਪਰਕ : 98143-80749
ਬੂਟਾ ਸਿੰਘ ਚੌਹਾਨ ਪੰਜਾਬੀ ਦਾ ਬਹੁ-ਪੱਖੀ ਕੁਦਰਤੀ ਯੋਗਤਾ ਦਾ ਮਾਲਕ ਸਾਹਿਤਕਾਰ ਹੈ। ਉਹ ਸ਼ਾਇਰ ਵੀ ਹੈ, ਪੱਤਰਕਾਰ ਤੇ ਨਾਵਲਕਾਰ ਵੀ ਹੈ। ਉਸ ਨੂੰ ਆਪਣੀਆਂ ਲਗਭਗ ਸਾਰੀਆਂ ਗ਼ਜ਼ਲਾਂ ਜ਼ਬਾਨੀ ਯਾਦ ਹਨ। ਉਹ ਗ਼ਜ਼ਲਾਂ ਗਾ ਵੀ ਬੜੇ ਟੁੰਬਵੇਂ ਅੰਦਾਜ਼ ਵਿਚ ਲੈਂਦਾ ਹੈ।
ਵਿਚਾਰ ਅਧੀਨ ਨਾਵਲ 'ਲਵ ਪ੍ਰੋਜੈਕਟ' ਅੱਜ ਦੇ ਇਸ਼ਕੀਆ ਖੇਤਰ ਵਿਚ ਪੈਦਾ ਹੋਏ ਮਤਲਬ ਪ੍ਰਸਤੀ ਦੇ ਨਵੇਂ ਰੁਝਾਨ ਨੂੰ ਬਾਖ਼ੂਬੀ ਉਜਾਗਰ ਕਰਦਾ ਹੈ। ਅੱਜ ਦਾ ਸਮਾਂ ਪਦਾਰਥ ਆਧਾਰਿਤ ਮਤਲਬੀ ਪਰਿਪੇਖ ਦਾ ਉਹ ਸਮਾਂ ਗਿਣਿਆ/ਸਮਝਿਆ ਜਾ ਰਿਹਾ ਹੈ, ਜਿਸ ਵਿਚ ਪਿਆਰ ਅਤੇ ਕਾਮ ਵਿਚਲਾ ਅੰਤਰ ਲਗਭਗ ਖ਼ਤਮ ਹੋਣ ਦੀ ਕਗਾਰ 'ਤੇ ਹੈ। ਅੱਜਕਲ੍ਹ ਬਹੁਤਾ ਕਰਕੇ ਪਿਆਰ ਨੂੰ ਕਾਮ ਦੇ ਚੁਬਾਰੇ 'ਤੇ ਚੜ੍ਹਨ ਲਈ ਪੌੜੀ ਵਜੋਂ ਵਰਤਿਆ ਜਾ ਰਿਹਾ ਹੈ। ਇਸ ਵਿਚ ਨਵੀਂ ਗੱਲ ਪਦਾਰਥਕ ਪ੍ਰਵਿਰਤੀ ਦੀ ਇਹ ਜੁੜ ਰਹੀ ਹੈ ਕਿ ਕਾਮੁਕ ਇਸ਼ਕ ਲਈ ਦੂਜੀ ਧਿਰ ਲੱਭੀ ਵੀ ਉਹ ਜਾ ਰਹੀ ਹੈ, ਜਿਹੜੀ ਸਰਦੀ-ਪੁਜਦੀ ਹੋਵੇ, ਚੰਗੀ ਜਾਇਦਾਦ ਦੀ ਮਾਲਕ ਹੋਵੇ, ਚੰਗੀ ਨੌਕਰੀ ਕਰਦੀ ਹੋਵੇ ਜਾਂ ਸੌਖੇ ਸ਼ਬਦਾਂ 'ਚ ਕਹਿ ਲਈਏ ਕਿ ਇਕ ਤਕੜੀ ਸਾਮੀ ਹੋਵੇ। ਆਪਣੇ ਝੱਗੇ ਦੇ ਭਾਵੇਂ ਬਟਨ ਵੀ ਉੱਚੇ ਨੀਵੇਂ ਹੋਣ ਪਰ ਦੂਜੀ ਧਿਰ ਦੀ ਕਮੀਜ਼ ਦੀ ਕਰੀਜ਼ ਬੱਝੀ ਹੋਈ ਹੋਣੀ ਚਾਹੀਦੀ ਹੈ। ਜਦੋਂ ਕਿਸੇ ਪਾਕਿ-ਪਰਵਿਰਤੀ ਦੇ ਪੈਮਾਨੇ ਇਸ ਕਿਸਮ ਦੇ ਹੋ ਜਾਣਗੇ ਤਾਂ ਕਿਸ ਕਿਸਮ ਦੇ 'ਲਵ ਪ੍ਰੋਜੈਕਟ' ਸ਼ੁਰੂ ਹੋਣਗੇ, ਇਸ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਬੂਟਾ ਸਿੰਘ ਚੌਹਾਨ ਦਾ ਇਹ ਨਾਵਲ ਕੁਝ ਇਸ ਕਿਸਮ ਦੀ ਪਿਆਰ ਕਾਰਜ ਯੋਜਨਾ (ਲਵ ਪ੍ਰੋਜੈਕਟ) ਦੀ ਬਾਤ ਹੀ ਪਾਉਂਦਾ ਹੈ।
ਕੁੱਲ 21 ਕਾਂਡਾਂ 'ਚ ਸੰਪੂਰਨ ਹੋਇਆ ਇਹ ਨਾਵਲ ਆਪਣੇ ਅੰਤਰਗਤ ਲਵ-ਪ੍ਰ੍ੋਜੈਕਟ ਨੂੰ ਸਿਰੇ ਲਾਉਣ ਦੇ ਚੱਕਰ 'ਚ ਲੱਗੇ ਨਾਵਲ ਦੇ ਮੁੱਖ ਪਾਤਰ ਨੌਜਵਾਨ ਤਨਵੀਰ ਦੀ ਮਨੋਬਿਰਤੀ ਨੂੰ ਬੜੀ ਪ੍ਰਭਾਵਪੂਰਨ ਸ਼ੈਲੀ 'ਚ ਪਾਠਕਾਂ ਸਨਮੁੱਖ ਰੱਖਦਾ ਹੈ, ਜਿਹੜਾ ਨੌਜਵਾਨ ਇਕ ਗੋਰਾ ਖ਼ਾਨ ਨਾਂਅ ਦੇ ਪਾਤਰ ਦੀ ਇਮਾਮਤ ਵਿਚ ਅੱਗੇ ਵਧਦਾ ਹੈ। ਤਨਵੀਰ ਸਭ ਤੋਂ ਪਹਿਲਾਂ ਹੁਸਨਪ੍ਰੀਤ ਨਾਂਅ ਦੀ ਇਕ ਵਿਦਿਆਰਥਣ ਨੂੰ ਉਸ ਦੀ ਚੰਗੀ ਜਾਇਦਾਦ ਕਰਕੇ ਆਪਣੀ ਬੀਵੀ ਬਣਾਉਣ ਲਈ ਕਾਹਲਾ ਪੈਂਦਾ ਹੈ। ਹੁਸਨਪ੍ਰੀਤ ਦਾ ਬਚਾਅ ਉਸ ਦੀ ਮਾਂ ਦੀ ਸਿਆਣਪ ਸਦਕਾ ਹੋ ਜਾਂਦਾ ਹੈ। ਇਧਰੋਂ ਸਮਾਪਤੀ ਉਪਰੰਤ ਉਹ ਇਕ ਪੁਲਿਸ ਮੁਲਾਜ਼ਮ ਕੁੜੀ ਅਨੂਪ ਨਾਲ ਆਪਣੀ ਪਿਆਰ ਦੀ ਕਾਰਜ-ਯੋਜਨਾ ਨੂੰ ਅਮਲ ਵਿਚ ਲਿਆਉਣਾ ਆਰੰਭ ਕਰਦਾ ਹੈ। ਉਸ ਦੀ ਇਹ ਯੋਜਨਾ ਵੀ ਅੱਧਵਾਟੇ ਰਹਿ ਜਾਂਦੀ ਹੈ। ਦਰਅਸਲ ਜਦੋਂ ਦੈਵੀ ਪੱਖ 'ਤੇ ਦੁਨਿਆਵੀ ਪੱਖ ਹਾਵੀ ਹੋ ਜਾਵੇ, ਪਰਮਾਰਥ ਉੱਪਰ ਪਦਾਰਥ ਹਾਵੀ ਹੋ ਜਾਵੇ, ਪਿਆਰ ਉੱਪਰ ਵਪਾਰ ਕਾਬਜ਼ ਹੋ ਜਾਵੇ ਤਾਂ ਬਹੁਤਾ ਕਰਕੇ ਵਸਤੂਵਾਦੀ ਵਰਤਾਰੇ ਹੀ ਵਰਤਦੇ ਹਨ। ਰੱਬ ਨਾਲੋਂ ਜੱਗ ਪਿਆਰਾ ਹੋ ਜਾਂਦਾ ਹੈ। ਆਤਮਿਕ ਖ਼ੁਸ਼ੀਆਂ ਨਾਲੋਂ ਚੰਮ ਖੁਸ਼ੀਆਂ ਵਧੇਰੇ ਅਸਰਦਾਇਕ ਹੋ ਨਿਬੜਦੀਆਂ ਹਨ। ਭਟਕਣ ਵਧਦੀ ਹੈ। ਸਹਿਜ ਸੁੰਗੜਦਾ ਹੈ ਤੇ ਬੰਦਾ ਰਾਹੋਂ ਕੁਰਾਹੇ ਪਿਆ ਰਹਿੰਦਾ ਹੈ। ਅਜਿਹੀ ਧਾਰਨਾ ਗ੍ਰਸਤ ਲਵ ਪ੍ਰੋਜੈਕਟਾਂ ਦਾ ਆਰੰਭ ਤਾਂ ਭਾਵੇਂ ਸੁਖਾਵਾਂ ਲੱਗੇ ਪਰ ਅੰਤ ਹਮੇਸ਼ਾ ਦੁਖਦਾਈ ਹੁੰਦਾ ਹੈ। ਇੰਝ ਲਗਣ ਲੱਗਾ ਹੈ ਜਿਵੇਂ ਸਾਡਾ ਅੱਜ ਦਾ ਸਮਾਜ ਅਮੀਰ ਹੋਣ ਲਈ ਪਿਆਰ-ਮੁਹੱਬਤ ਨੂੰ ਇਕ ਪ੍ਰੋਜੈਕਟ ਵਜੋਂ ਹੀ ਲੈ ਰਿਹਾ ਹੈ। ਬੂਟਾ ਸਿੰਘ ਚੌਹਾਨ ਆਪਣੇ ਇਸ ਨਾਵਲ ਵਿਚ ਉਪਰੋਕਤ ਸਾਰੇ ਵਿਸ਼ੇ ਨੂੰ ਬਾਖ਼ੂਬੀ ਨਿਭਾਉਂਦਾ ਹੈ ਤੇ ਇਸ ਵਿਚਲੇ ਅਸਰਾਰਾਂ ਨੂੰ ਵੀ ਉਜਾਗਰ ਕਰਦਾ ਹੈ। ਅਜਿਹਾ ਸਫ਼ਲਤਾ ਭਰਪੂਰ ਅਦਬੀ ਅਮਲ ਲੇਖਕ ਦੀ ਖ਼ਿਆਤੀ, ਕੀਰਤੀ ਤੇ ਸ਼ੁਹਰਤ 'ਚ ਵੀ ਵਾਹਵਾ ਵਾਧਾ ਕਰਦਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287