ਰਾਜਧਾਨੀ ’ਚ ਛਾਈ ਸੰਘਣੀ ਧੁੰਦ, ਕਈ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ, 2 ਜਨਵਰੀ- ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ-ਐਨ.ਸੀ.ਆਰ. ਅਤੇ ਆਸਪਾਸ ਦੇ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਕਾਰਨ ਕਈ ਇਲਾਕਿਆਂ ’ਚ ਵਿਜ਼ੀਬਿਲਟੀ ਜ਼ੀਰੋ ਰਹਿ ਗਈ ਹੈ। ਸੜਕਾਂ ’ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਜਿਸ ਕਾਰਨ ਦਿੱਲੀ ਆਉਣ ਵਾਲੀਆਂ ਅਤੇ ਦਿੱਲੀ ਤੋਂ ਜਾਣ ਵਾਲੀਆਂ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਆਈ.ਜੀ.ਆਈ. ਏਅਰਪੋਰਟ ਦੇ ਆਲੇ-ਦੁਆਲੇ ਵੀ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਨਾਲ ਕਈ ਉਡਾਣਾਂ ਵੀ ਪ੍ਰਭਾਵਿਤ ਹੋਣਗੀਆਂ। ਏਅਰਪੋਰਟ ਅਥਾਰਟੀ ਵਲੋਂ ਯਾਤਰੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਰਾਜਧਾਨੀ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ ਤੇ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜਧਾਨੀ ਵਿਚ ਅੱਜ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ, ਜਿਸ ਨਾਲ ਠੰਢ ਵਿਚ ਹੋਰ ਵਾਧਾ ਦਰਜ ਕੀਤਾ ਜਾਵੇਗਾ।