ਸਰਦ ਰੁੱਤ ਇਜਲਾਸ ਦਾ ਅੱਜ ਹੈ ਆਖ਼ਰੀ ਦਿਨ
ਨਵੀਂ ਦਿੱਲੀ, 20 ਦਸੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਆਖਰੀ ਦਿਨ ਹੈ। ਬੀਤੇ ਦਿਨ ਸਦਨ ਵਿਚ ਹੰਗਾਮਾ ਹੋਣ ਦੇ ਮਾਮਲੇ ਵਿਚ ਅੱਜ ਮੁੜ ਹੰਗਾਮਾ ਹੋ ਸਕਦਾ ਹੈ। ਦਰਅਸਲ ਕੱਲ੍ਹ ਹੋਈ ਝੜਪ ਦੌਰਾਨ ਓਡੀਸ਼ਾ ਦੇ ਬਾਲਾਸੋਰ ਦੇ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਫਾਰੂਖਾਬਾਦ ਦੇ ਭਾਜਪਾ ਸੰਸਦ ਮੈਂਬਰ ਮੁਕੇਸ਼ ਰਾਜਪੂਤ ਜ਼ਖਮੀ ਹੋ ਗਏ ਸਨ। ਦੋਹਾਂ ਨੇਤਾਵਾਂ ਦੇ ਸਿਰ ’ਤੇ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ। ਦੋਵਾਂ ਸੰਸਦ ਮੈਂਬਰਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਉਨ੍ਹਾਂ ਨਾਲ ਧੱਕਾ ਕਰਨ ਦਾ ਦੋਸ਼ ਲਗਾਇਆ। ਘਟਨਾ ਤੋਂ ਬਾਅਦ, ਭਾਜਪਾ ਦੇ ਸੰਸਦ ਮੈਂਬਰਾਂ ਅਨੁਰਾਗ ਠਾਕੁਰ ਅਤੇ ਬੰਸੁਰੀ ਸਵਰਾਜ ਨੇ ਰਾਹੁਲ ਦੇ ਖਿਲਾਫ਼ ਬੀ.ਐਨ.ਐਸ. ਦੀਆਂ 7 ਧਾਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਹੱਤਿਆ ਦੀ ਕੋਸ਼ਿਸ਼, ਧਮਕੀ ਦੇਣ ਅਤੇ ਧੱਕਾ ਦੇਣ ਦੇ ਦੋਸ਼ ਸ਼ਾਮਿਲ ਹਨ।