19-12-2024
ਖਮਿਆਜ਼ਾ ਭੁਗਤ ਰਹੇ ਆਮ ਲੋਕ
ਮੈਂ ਇਸ ਪੱਤਰ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੇ ਬੰਦ ਕੀਤੇ ਗਏ ਬਾਰਡਰਾਂ ਨੂੰ ਖੋਲ੍ਹਣ ਲਈ ਹਮਦਰਦੀ ਨਾਲ ਵਿਚਾਰ ਕਰਕੇ ਖੁਲ੍ਹਵਾਉਣ ਦੀ ਲੋੜ ਹੈ। ਵੱਡੀ ਗਿਣਤੀ ਪੰਜਾਬੀ ਵਿਦੇਸ਼ਾਂ ਵਿਚ ਵਸੇ ਹੋਣ ਕਰਕੇ ਲੋਕਾਂ ਦਾ ਵਿਦੇਸ਼ਾਂ ਤੋਂ ਆਉਣਾ ਤੇ ਜਾਣਾ ਲੱਗਿਆ ਰਹਿੰਦਾ ਹੈ।
ਪੰਜਾਬ ਦੇ ਲੋਕਾਂ ਨੂੰ ਦਿੱਲੀ ਏਅਰਪੋਰਟ ਜਾਣ ਲਈ ਹਰਿਆਣਾ ਤੋਂ ਹੋ ਕੇ ਹੀ ਆਉਣਾ ਜਾਣਾ ਪੈਂਦਾ ਹੈ, ਪਰ ਬਾਰਡਰ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮਾਰਗ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪਿੰਡਾਂ ਦੇ ਰਸਤੇ ਲਿੰਕ ਸੜਕਾਂ ਰਾਹੀਂ ਜਾਣਾ ਪੈਂਦਾ ਹੈ, ਜਿਸ ਕਾਰਨ ਪਿੰਡ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਅਤੇ ਥਾਂ-ਥਾਂ ਟੋਏ ਪੈ ਚੁੱਕੇ ਹਨ।
ਰਾਤ ਵੇਲੇ ਆਉਣ ਜਾਣ ਵਾਲੇ ਲੋਕਾਂ ਨੂੰ ਲੁੱਟਾਂ ਖੋਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੁੱਖ ਮਾਰਗ ਬੰਦ ਹੋਣ ਕਾਰਨ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਲਾਗਲੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦਿੱਲੀ ਤੋਂ ਆਉਣ ਵਾਲੇ ਸਮਾਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਬਜ਼ਾਰਾਂ ਵਿਚ ਮਹਿੰਗਾਈ ਵਧ ਰਹੀ ਹੈ।
ਪੰਜਾਬ ਦੇ ਲੋਕਾਂ ਦੀ ਭਗਵਾਨ ਸ੍ਰੀ ਖਾਟੂ ਜੀ ਸ਼ਾਮ ਤੇ ਸ੍ਰੀ ਬਾਲਾ ਜੀ (ਸਾਲਾਸਰ ਧਾਮ) ਸਮੇਤ ਰਾਜਸਥਾਨ ਸਥਿਤ ਕਈ ਹੋਰ ਧਾਰਮਿਕ ਥਾਵਾਂ 'ਤੇ ਅਥਾਹ ਸ਼ਰਧਾ ਹੈ ਅਤੇ ਰਾਜਸਥਾਨ ਜਾਣ ਲਈ ਹਰਿਆਣਾ ਵਿਚ ਦੀ ਹੋ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਸੰਗਤਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-ਐਡਵੋਕੇਟ ਰਾਜੇਸ਼ਵਰ ਚੌਧਰੀ
ਬੱਚੇ, ਜਵਾਨ, ਬੁੱਢੇ ਸਭ ਮੋਬਾਈਲਾਂ 'ਚ ਰੁੱਝੇ
ਬਲਿਹਾਰੇ ਜਾਈਏ ਸਾਇੰਸ ਦੇ ਜਿਸ ਨੇ ਮੋਬਾਈਲ ਦੀ ਕਾਢ ਕੱਢੀ, ਜੋ ਅੱਜ ਕੱਲ੍ਹ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਹੁਣ ਜ਼ਿੰਦਗੀ ਅਧੂਰੀ ਹੀ ਹੈ। ਹੁਣ ਮੋਬਾਈਲ ਸੰਚਾਰ ਦਾ ਸਾਧਨ ਹੀ ਨਹੀਂ ਬਲਕਿ ਸਾਰੇ ਖੇਤਰਾਂ ਦੀ ਹੋਂਦ ਬਣ ਗਿਆ ਹੈ। ਜਿੱਥੇ ਇਸ ਦੇ ਲਾਭ ਅਤੁੱਲ ਹਨ, ਉੱਥੇ ਹਾਨੀਆਂ ਵੀ ਅਤੁੱਲ ਹਨ। ਛੋਟੇ ਤੋਂ ਛੋਟੇ ਬੱਚਿਆਂ ਦਾ ਦੁੱਧ ਪੀਂਦਿਆਂ ਮੋਬਾਈਲ ਵੇਖਣਾ, ਡਰਾਈਵਿੰਗ ਕਰਦਿਆਂ, ਯੂ-ਟਿਊਬ ਤੋਂ ਅਸ਼ਲੀਲ ਗੰਦ-ਮੰਦ ਦੇਖਣ ਦਾ ਰੁਝਾਨ ਵਧ ਗਿਆ ਹੈ। ਸਕੂਲਾਂ, ਕਾਲਜਾਂ ਵਲੋਂ ਵੀ ਆਨ ਲਾਈਨ ਪੜ੍ਹਾਈ ਕਰਵਾਉਣਾ ਵਿਦਿਆਰਥੀਆਂ ਦੀਆਂ ਅੱਖਾਂ ਨਾਲ ਖਿਲਵਾੜ ਹੈ। ਜਿਸ ਨਾਲ ਲਗਭਗ 80 ਫ਼ੀਸਦੀ ਵਿਦਿਆਰਥੀਆਂ ਦੇ ਐਨਕਾਂ ਲੱਗ ਚੁੱਕੀਆਂ ਹਨ। ਧਾਰਮਿਕ ਗੀਤ, ਕੀਰਤਨ, ਕਥਾ, ਵਿਚਾਰ-ਚਰਚਾਵਾਂ ਆਦਿ ਬਹੁਤ ਹੀ ਲਾਹੇਵੰਦ ਹਨ। ਪਰ ਇਸ ਦੇ ਨਾਲ ਹੀ ਗੰਦ ਮੰਦ ਸ਼ਾਮਿਲ ਕੀਤਾ ਜਾਣਾ ਬਹੁਤ ਹੀ ਮਾੜਾ ਅਤੇ ਖ਼ਤਰਨਾਕ ਹੈ।
-ਰਘਬੀਰ ਸਿੰਘ ਬੈਂਸ
ਸੁਪਰਿੰਟੈਂਡੈਂਟ (ਰਿਟਾ.)
ਆਸਟ੍ਰੇਲੀਆ ਤੋਂ ਸਬਕ
ਆਸਟ੍ਰੇਲੀਆ ਵਿਚ ਬੀਤੇ ਦਿਨ ਪ੍ਰਤੀਨਿਧ ਸਦਨ ਨੇ ਵੋਟਾਂ ਪਾ ਕੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ, ਜੇਕਰ ਇਹ ਬਿੱਲ ਸੈਨੇਟ ਵਲੋਂ ਵੀ ਪਾਸ ਹੋ ਗਿਆ ਤਾਂ ਆਸਟ੍ਰੇਲੀਆ ਦੁਨੀਆ ਦਾ ਅਜਿਹੀ ਪਹਿਲ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਭਾਰਤ ਦੇ ਸਦਨ ਵਿਚ ਬੀਤੇ ਦਿਨ ਸੋਸ਼ਲ ਮੀਡੀਏ 'ਤੇ ਪਰੋਸੀ ਜਾ ਰਹੀ ਅਸ਼ਲੀਲ ਸਮੱਗਰੀ 'ਤੇ ਰੋਕ ਲਗਾਉਣ ਦੀ ਚਰਚਾ ਕਰਦੇ ਹੋਏ ਕਾਨੂੰਨ ਵਿਚ ਹੋਰ ਸਖ਼ਤੀ ਲਿਆਉਂਣ ਦੀ ਗੱਲ ਆਖੀ ਗਈ। ਸੋਸ਼ਲ ਮੀਡੀਏ ਦੇ ਜਾਲ ਵਿਚ ਪ੍ਰੋੜ੍ਹ ਉਮਰ ਵਰਗ ਬੁਰੀ ਤਰ੍ਹਾਂ ਫਸ ਚੁੱਕਿਆ ਹੈ। ਸਾਨੂੰ ਆਸਟ੍ਰੇਲੀਆ ਵਰਗੇ ਕਾਨੂੰਨਾਂ ਦੀ ਲੋੜ ਹੈ ਜਿਸ ਵਿਚ ਬੱਚੇ ਦੇ ਮਾਂ ਬਾਪ ਦੀ ਜ਼ਿੰਮੇਵਾਰੀ ਤੈਅ ਹੋਵੇ ਤੇ ਭਾਰੀ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਹੋਵੇ। ਸੋਸ਼ਲ ਮੀਡੀਏ ਨੇ ਨੌਜਵਾਨਾਂ ਤੇ ਇਕ ਨਵਾਂ ਪਾਣ ਚਾੜ ਦਿੱਤਾ ਹੈ ਉਹ ਸਿਰਫ਼ ਟਿਕ ਟਾਕ, ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਨੂੰ ਹੀ ਆਪਣੀ ਦੁਨੀਆਂ ਸਮਝਣ ਲੱਗ ਪਏ ਹਨ।
ਕੋਈ ਵੀ ਤਕਨੀਕ ਫਿਰ ਹੀ ਮਨੁੱਖ ਲਈ ਕਾਰਗਰ ਸਾਬਿਤ ਹੁੰਦੀ ਹੈ ਜੇਕਰ ਉਸ ਦੀ ਵਰਤੋਂ ਲੋੜ ਅਨੁਸਾਰ ਅਤੇ ਸੋਚ ਸਮਝ ਕੇ ਕੀਤੀ ਜਾਵੇ। ਅੰਨ੍ਹੇਵਾਹ ਕੀਤੀ ਤਕਨੀਕ ਦੀ ਵਰਤੋਂ ਮਨੁੱਖ ਨੂੰ ਗ਼ੁਲਾਮ ਬਣਾ ਕੇ ਛੱਡੇਗੀ। ਛੋਟੇ ਬੱਚੇ ਤੱਕ ਮੋਬਾਈਲ ਦੇ ਗ਼ੁਲਾਮ ਹੋ ਚੁੱਕੇ ਹਨ। ਉਹ ਨਾ ਫ਼ੋਨ ਤੋ ਬਿਨਾ ਕੰਮ ਕਰਦੇ ਹਨ ਅਤੇ ਨਾ ਹੀ ਰੋਟੀ ਖਾਂਦੇ ਹਨ। ਬਾਥਰੂਮ ਵਿਚ ਜਾਣ ਵੇਲੇ ਵੀ ਫ਼ੋਨ ਉਨ੍ਹਾਂ ਦੇ ਹੱਥ ਵਿਚ ਹੁੰਦਾ ਹੈ। ਆਸਟ੍ਰੇਲੀਆ ਦਾ ਬੱਚਿਆਂ ਤੇ ਸੋਸ਼ਲ ਮੀਡੀਏ ਦਾ ਪ੍ਰਭਾਵ ਘਟਾਉਣ ਲਈ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਹੈ।
-ਰਜਵਿੰਦਰ ਪਾਲ ਸ਼ਰਮਾ