ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਯੂਥ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
ਨਾਭਾ, (ਪਟਿਆਲਾ), 20 ਦਸੰਬਰ (ਕਰਮਜੀਤ ਸਿੰਘ)- ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ, ਸਟੂਡੈਂਟ ਆਰਗਨਾਈਜੇਸ਼ਨ ਆਫ਼ ਇੰਡੀਆ (ਸੋਈ) ਦੇ ਨੌਜਵਾਨ ਆਗੂ ਤੇ ਯੂਥ ਅਕਾਲੀ ਦਲ ਦੇ ਸਾਬਕਾ ਸੂਬਾ ਕੌਮੀ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਆਪਣੇ 300 ਦੇ ਕਰੀਬ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ‘ਆਪ’ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ ਰਵਾਇਤੀ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਵਿਧਾਇਕ ਦੇਵ ਮਾਨ ਨੇ ਯਾਦਵਿੰਦਰ ਸਿੰਘ ਯਾਦੂ ਨੂੰ ਸਿਰੋਪਾਓ ਦੇ ਕੇ ਪਾਰਟੀ ਚ ਸ਼ਾਮਿਲ ਕਰਵਾਇਆ ਅਤੇ ਕਿਹਾ ਕਿ ਯਾਦੂ ਦੇ ਆਉਣ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ। ਦੇਵ ਮਾਨ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ’ਚ ਧੜਾ ਧੜ ਸ਼ਾਮਿਲ ਹੋ ਰਹੇ ਹਨ, ਜਿਨਾਂ ਨੂੰ ਪਾਰਟੀ ’ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਾਦੂ ਮੇਰੇ ਛੋਟੇ ਭਰਾ ਦੀ ਤਰ੍ਹਾਂ ਹੈ, ਜਿਸ ਦੀ ਗੱਲਬਾਤ ਪਹਿਲ ਦੇ ਅਧਾਰ ’ਤੇ ਸੁਣੀ ਜਾਵੇਗੀ। ਯਾਦੂ ਨੇ ਵੀ ਵਿਧਾਇਕ ਦੇਵ ਮਾਨ ਨੂੰ ਭਰੋਸਾ ਦਵਾਇਆ ਕਿ ਉਹ ਪਾਰਟੀ ਵਲੋਂ ਸੌਂਪੀ ਹੋਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।