ਕੇਂਦਰ ਸਰਕਾਰ ਦੇ ਖੇਤੀ ਖਰੜੇ ਦੇ ਵਿਰੋਧ ’ਚ ਕਿਸਾਨਾਂ ਵਲੋਂ ਮੋਟਰਸਾਈਕਲ ਮਾਰਚ
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 18 ਦਸੰਬਰ (ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰਾਂ ਨੂੰ ਭੇਜੇ ਗਏ ਖੇਤੀਬਾੜੀ ਡਰਾਫਟ ਦੇ ਵਿਰੋਧ ’ਚ ਸੁਨਾਮ ਬਲਾਕ ਦੇ ਤਿੰਨ ਦਰਜਨ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕਿਸਾਨ ਬਾਰਡਰਾਂ ’ਤੇ ਐਮ. ਐਸ. ਪੀ. ਬਚਾਉਣ ਵਾਸਤੇ ਲੜ ਰਹੇ ਹਨ ਪਰ ਕੇਂਦਰ ਸਰਕਾਰ ਖੇਤੀਬਾੜੀ ਖਰੜੇ ਜ਼ਰੀਏ ਐਮ. ਐਸ. ਪੀ. ਦੀ ਜੜ੍ਹ ਵੱਡਣ ’ਤੇ ਤੁਲੀ ਹੋਈ ਹੈ। ਆਗੂਆਂ ਨੇ ਕਿਹਾ ਕਿ ਖੇਤੀਬਾੜੀ ਖਰੜਾ ਸੂਬਾ ਸਰਕਾਰਾਂ ਕੋਲੇ ਪਹੁੰਚ ਚੁੱਕਿਆ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਡਰਾਫਟ ਦਾ ਜਵਾਬ ਨਹੀਂ ਦਿੱਤਾ ਜਿਸ ਤੋਂ ਜੱਗ ਜ਼ਾਹਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ। ਅੱਜ ਦੇ ਮੋਟਰਸਾਈਕਲ ਮਾਰਚ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।