ਸਿੰਘ ਸਾਹਿਬਾਨ ਦੇ ਫੈਸਲੇ ’ਚ ਸ਼ਾਮਿਲ ਹੋਣਾ ਮੇਰਾ ਗੁਨਾਹ, ਇਸ ਲਈ ਕੀਤਾ ਜਾ ਰਿਹੈ ਪ੍ਰੇਸ਼ਾਨ- ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ, (ਬਠਿੰਡਾ), 18 ਦਸੰਬਰ (ਰਣਜੀਤ ਸਿੰਘ ਰਾਜੂ)- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਵਲੋਂ ਸੁਣਾਏ ਗਏ ਫੈਸਲੇ ’ਚ ਸ਼ਾਮਿਲ ਹੋਣਾ ਮੇਰਾ ਗੁਨਾਹ ਹੋ ਨਿੱਬੜਿਆ ਅਤੇ ਉਸ ਦੇ ਬਾਅਦ ਤੋਂ ਲਗਾਤਾਰ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਮੇਰਾ ਪਰਿਵਾਰ ਪਿਛਲੇ 15 ਦਿਨਾਂ ਤੋਂ ਸੌਂ ਨਹੀਂ ਸਕਿਆ ਅਤੇ ਇਸ ਸਭ ਦੇ ਪਿੱਛੇ ਇਕ ਸਾਬਕਾ ਕਹਾਉਂਦਾ ਅਕਾਲੀ ਆਗੂ ਹੈ। ਉਨ੍ਹਾਂ ਅੱਗੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਫੈਸਲੇ ਨੂੰ ਬਦਲਣ ਲਈ ਅਗਰ ਪੰਜ ਸਿੰਘ ਸਾਹਿਬਾਨ ਕੋਈ ਮੀਟਿੰਗ ਬੁਲਾਉਂਦੇ ਹਨ ਤਾਂ ਮੈਂ ਉਸ ਵਿਚ ਸ਼ਾਮਿਲ ਨਹੀਂ ਹੋਵਾਂਗਾ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਸ਼ਾਇਦ ਅਸਤੀਫਿਆਂ ਦੇ ਫੈਸਲੇ ਨੂੰ ਬਦਲਣ ਲਈ ਕੁਝ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਨਾਲ ਸੰਬੰਧਾਂ ਦੇ ਦੋਸ਼ ਗਲਤ ਹਨ ਪਰ ਸਾਰੀਆਂ ਪਾਰਟੀਆਂ ਦੇ ਸਿੱਖ ਆਗੂ ਅਕਸਰ ਮਿਲਦੇ ਰਹਿੰਦੇ ਹਨ, ਉਸ ਨਾਲ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜ ਜਾਂਦਾ।