ਤਰਨਤਾਰਨ ਰੇਲਵੇ ਸਟੇਸ਼ਨ ਉਪਰ ਕਿਸਾਨ ਜਥੇਬੰਦੀਆਂ ਵਲੋਂ ਰੇਲਾਂ ਦਾ ਚੱਕਾ ਜਾਮ
ਤਰਨ ਤਾਰਨ, 18 ਦਸੰਬਰ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵਿਚ ਦੋਵਾਂ ਫੋਰਮਾ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਸਤਿਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿਚ ਤਰਨ ਤਾਰਨ, ਪੱਟੀ, ਖਡੂਰ ਸਾਹਿਬ ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਤਰਨ ਤਾਰਨ ਵਿਚ ਵੱਖ ਵੱਖ ਥਾਵਾਂ ਤੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ , ਦਿਆਲ ਸਿੰਘ ਮੀਆਂਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਜਰਨੈਲ ਸਿੰਘ ਨੂਰਦੀ, ਨਵਤੇਜ ਸਿੰਘ ਏਕਲਗੱਡਾ, ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ ਰਣਯੋਧ ਸਿੰਘ ਗੱਗੋਬੂਆ ਨੇ ਕਿਹਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਕਿਸਾਨਾਂ, ਮਜ਼ਦੂਰ, ਨੌਜਵਾਨ ਬੀਬੀਆਂ ਨੂੰ ਸੜਕਾਂ ਅਤੇ ਰੇਲ ਦੀਆਂ ਪਟੜੀਆਂ ’ਤੇ ਪੋਹ ਦੀ ਠੰਢ ਅਤੇ ਅੱਤ ਗਰਮੀ ਵਿਚ ਲੰਮੇ ਸਮੇਂ ਤੋਂ ਬੈਠੇ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ। ਇਸ ਕਰਕੇ ਦੇਸ਼ ਦੇ ਹਰ ਵਰਗ ਨੂੰ ਅਪੀਲ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਇਸ ਲੜਾਈ ਵਿਚ ਹਰ ਵਰਗ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਜਿਸ ਦਾ ਸੰਕੇਤ ਦਿੰਦਿਆਂ ਅੱਜ ਤਿੰਨ ਘੰਟੇ ਦਾ ਚੱਕਾ ਜਾਮ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਜੇਕਰ ਸਰਕਾਰ ਜਲਦ ਤੋਂ ਜਲਦ ਮੰਗਾ ਵੱਲ ਧਿਆਨ ਨਹੀਂ ਦਿੰਦੀ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।