ਅੰਬੇਡਕਰ ਦਾ ਅਪਮਾਨ ਛੁਪਾ ਨਹੀਂ ਸਕਦੀ ਕਾਂਗਰਸ- ਪ੍ਰਧਾਨ ਮੰਤਰੀ
ਨਵੀਂ ਦਿੱਲੀ, 18 ਦਸੰਬਰ- ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਵਿਰੋਧੀ ਧਿਰ ਦੇ ਹਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬੀ ਹਮਲਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਅੰਬੇਡਕਰ ਦੇ ਅਪਮਾਨ ਨੂੰ ਛੁਪਾ ਨਹੀਂ ਸਕਦੀ। ਬਾਬਾ ਸਾਹਿਬ ਲਈ ਸਾਡਾ ਸਤਿਕਾਰ ਸਰਵਉੱਚ ਹੈ, ਉਨ੍ਹਾਂ ਇਕ ਤੋਂ ਬਾਅਦ ਇਕ ਟਵੀਟ ਕਰ ਕਿਹਾ ਕਿ ਜੇਕਰ ਉਹ ਇਸ ਨੂੰ ਛੁਪਾ ਸਕਦੇ ਹਨ, ਤਾਂ ਉਹ ਬਹੁਤ ਗਲਤ ਧਾਰਨਾ ਵਿਚ ਹਨ। ਭਾਰਤ ਦੇ ਲੋਕਾਂ ਨੇ ਵਾਰ-ਵਾਰ ਦੇਖਿਆ ਹੈ ਕਿ ਕਿਵੇਂ ਇਕ ਖਾਨਦਾਨ ਦੀ ਅਗਵਾਈ ਵਾਲੀ ਪਾਰਟੀ ਨੇ ਡਾ. ਅੰਬੇਡਕਰ ਦੀ ਵਿਰਾਸਤ ਨੂੰ ਮਿਟਾਉਣ ਅਤੇ ਐਸ.ਸੀ. ਐਸ.ਟੀ. ਭਾਈਚਾਰਿਆਂ ਨੂੰ ਅਪਮਾਨਿਤ ਕਰਨ ਲਈ ਹਰ ਸੰਭਵ ਗੰਦੀ ਚਾਲ ਵਰਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਲਿਖਿਆ ਕਿ ਡਾ. ਅੰਬੇਡਕਰ ਪ੍ਰਤੀ ਕਾਂਗਰਸ ਦੇ ਗੁਨਾਹਾਂ ਦੀ ਸੂਚੀ ਵਿਚ ਉਨ੍ਹਾਂ ਨੂੰ ਇਕ ਵਾਰ ਨਹੀਂ ਸਗੋਂ ਦੋ ਵਾਰ ਚੋਣਾਂ ਵਿਚ ਹਰਾਉਣਾ ਸ਼ਾਮਿਲ ਹੈ। ਪੰਡਿਤ ਨਹਿਰੂ ਨੇ ਉਨ੍ਹਾਂ ਵਿਰੁੱਧ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੀ ਹਾਰ ਨੂੰ ਵੱਕਾਰ ਦਾ ਮੁੱਦਾ ਬਣਾਇਆ। ਉਨ੍ਹਾਂ ਨੂੰ ਭਾਰਤ ਰਤਨ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਤਸਵੀਰ ਨੂੰ ਸੰਸਦ ਦੇ ਸੈਂਟਰਲ ਹਾਲ ਵਿਚ ਮਾਣ ਵਾਲੀ ਥਾਂ ਨਾ ਦੇਣਾ, ਇਸ ਵਿਚ ਸ਼ਾਾਮਿਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਐਸ.ਸੀ.-ਐਸ.ਟੀ. ਭਾਈਚਾਰਿਆਂ ਦਾ ਸਭ ਤੋਂ ਭਿਆਨਕ ਕਤਲੇਆਮ ਹੋਇਆ ਹੈ। ਉਹ ਸਾਲਾਂ ਤੱਕ ਸੱਤਾ ਵਿਚ ਰਹੇ, ਪਰ ਇਨ੍ਹਾਂ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਕੁਝ ਵੀ ਠੋਸ ਨਹੀਂ ਕੀਤਾ।