ਹੋਲੇ ਮਹੱਲੇ ਨੂੰ ਸਮਰਪਿਤ 12 ਤੋਂ 15 ਮਾਰਚ ਤੱਕ ਧਾਰਮਿਕ ਦੀਵਾਨ ਸਜਣਗੇ - ਪ੍ਰਧਾਨ ਸੰਧੂ

ਛੇਹਰਟਾ (ਅੰਮ੍ਰਿਤਸਰ), 11 ਮਾਰਚ (ਪੱਤਰ ਪ੍ਰੇਰਕ)-ਦੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਤੇ ਸੱਚਖੰਡ ਵਾਸੀ ਸੰਤ ਬਾਬਾ ਮਸਤ ਰਾਮ ਜੀ ਦੇ ਭਗਤੀ ਸਥਾਨ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਮਨਾਏ ਜਾ ਰਹੇ 86ਵੇਂ ਹੋਲੇ ਮਹੱਲੇ ਦੇ ਸੰਬੰਧ ਵਿਚ ਮੁੱਖ ਸੇਵਾਦਾਰ ਜਥੇ. ਸਵਿੰਦਰ ਸਿੰਘ ਸੰਧੂ ਕੋਟ ਖਾਲਸਾ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੋਹੜੀ ਸਾਹਿਬ ਜੀ ਕੋਟ ਖਾਲਸਾ ਵਿਚ 12 ਮਾਰਚ ਤੋਂ ਲੈ ਕੇ 15 ਮਾਰਚ ਤੱਕ ਦਿਨ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨ ਸੁਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੋਲਾ ਮਹੱਲਾ ਸਮਾਗਮਾਂ ਸਬੰਧੀ 12 ਮਾਰਚ ਤੋਂ 15 ਮਾਰਚ ਤੱਕ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਜੁਗੋ ਜੁਗ ਅਟੱਲ ਧੰਨ–ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਗਾਤਾਰ ਚਾਰ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਤੇ 16 ਮਾਰਚ ਨੂੰ ਸਮਾਗਮਾਂ ਦੀ ਸਮਾਪਤੀ ਉਪਰੰਤ ਦਸਤਾਰਬੰਦੀ ਮੁਕਾਬਲੇ ਕਰਵਾਏ ਜਾਣਗੇ। ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੋਲਾ ਮਹੱਲਾ ਸਮਾਗਮਾਂ ਸਬੰਧੀ 255 ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ ਤੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਚੱਲ ਰਹੀ ਤੀਸਰੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 12 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ ਭੋਗ ਪੈਣ ਉਪਰੰਤ ਚੌਥੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸਾਲਾਨਾ ਜੋੜ ਮੇਲੇ ਮੌਕੇ ਸੰਗਤਾਂ ਲਈ ਅਤੁੱਟ ਗੁਰੂ ਕੇ ਲੰਗਰ ਵਰਤਾਏ ਜਾ ਰਹੇ ਹਨ। ਇਸ ਮੌਕੇ ਹਰਭਜਨ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਸਰਕਾਰੀਆ ਮੀਤ ਪ੍ਰਧਾਨ, ਕੁਲਵੰਤ ਸਿੰਘ ਸਰਕਾਰੀਆ ਜਨਰਲ ਸਕੱਤਰ, ਪਰਮਿੰਦਰ ਸਿੰਘ ਸੰਧੂ ਸਕੱਤਰ, ਦਵਿੰਦਰ ਸਿੰਘ ਸੰਧੂ ਪ੍ਰਚਾਰ ਸਕੱਤਰ, ਜਥੇ. ਮੇਜਰ ਸਿੰਘ ਸਰਕਾਰੀਆ, ਅਮਨਦੀਪ ਸਿੰਘ ਖਿਆਲੀਆ ਖਜ਼ਾਨਚੀ, ਸੁਰਜਨ ਸਿੰਘ, ਹਰਸਿਮਰਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਸਹਿੰਸਰੀਆ, ਬੱਗਾ ਸਿੰਘ, ਮਨਜੀਤ ਸਿੰਘ ਝੰਡ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਪਾਲ ਸਿੰਘ ਸੰਧੂ, ਹਰਦਿਆਲ ਸਿੰਘ, ਰਘਬੀਰ ਸਿੰਘ ਸੰਧੂ (ਸਾਰੇ ਮੈਂਬਰ ਕਮੇਟੀ) ਪ੍ਰਧਾਨ ਸੁਖਵਿੰਦਰ ਹਾਜ਼ਰ ਸਨ।