ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਉਣਗੇ ਭਾਰਤ

ਆਕਲੈਂਡ, 12 ਮਾਰਚ (ਹਰਮਨਪ੍ਰੀਤ ਸਿੰਘ ਗੋਲੀਆਂ)- ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਗਲੇ ਹਫ਼ਤੇ ਭਾਰਤ ਆਉਣਗੇ। ਉਹ 16 ਤੋਂ 20 ਮਾਰਚ ਤੱਕ ਭਾਰਤ ਵਿਚ ਰਹਿਣਗੇ। ਆਪਣੀ ਇਸ ਫੇਰੀ ਦੌਰਾਨ ਉਹ 3 ਰਾਤਾਂ ਦਿੱਲੀ ਅਤੇ ਭਾਰਤ ਦੀ ਵਿੱਤੀ ਰਾਜਧਾਨੀ ਕਹੇ ਜਾਂਦੇ ਸ਼ਹਿਰ ਮੁੰਬਈ ਵੀ ਜਾਣਗੇ। ਨਿਊਜ਼ੀਲੈਂਡ ਵਿਚ 2023 ’ਚ ਹੋਈਆਂ ਪਾਰਲੀਮੈਂਟ ਵੋਟਾਂ ਸਮੇਂ ਨੈਸ਼ਨਲ ਪਾਰਟੀ ਦੇ ਆਗੂ ਅਤੇ ਮੌਜੂਦਾ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸ਼ਨ ਨੇ ਭਾਰਤ ਯਾਤਰਾ ਦੀ ਗੱਲ ਕਹੀ ਸੀ ਤੇ ਉਨ੍ਹਾਂ ਆਪਣੇ ਬਿਆਨ ਵਿਚ ਹੁਣ ਕਿਹਾ ਹੈ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਦੇ ਬਾਜ਼ਾਰ ’ਚ ਦਾਖ਼ਲ ਹੋਈਏ। ਇਥੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਸਰਕਾਰ ਪ੍ਰਧਾਨ ਮੰਤਰੀ ਦੀ ਇਸ ਯਾਤਰਾ ਨੂੰ ਸਭ ਤੋਂ ਹਾਈ ਪ੍ਰੋਫਾਈਲ ਅਤੇ ਨਤੀਜਾਤਮਕ ਯਾਤਰਾ ਵਜੋਂ ਬਿਆਨ ਰਹੀ ਹੈ। ਇਸ ਤੋਂ ਪਹਿਲਾਂ 2016 ਵਿਚ ਨਿਊਜ਼ੀਲੈਂਡ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਰ ਜੋਨ ਕੀ ਭਾਰਤ ਦੀ ਯਾਤਰਾ ’ਤੇ ਆਏ ਸਨ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨਾਲ ਦੋਵੇਂ ਦੇਸ਼ਾਂ ’ਚ ਖੇਤੀਬਾੜੀ, ਵਿੱਦਿਅਕ ਤੇ ਹੋਰ ਕਈ ਖ਼ੇਤਰਾਂ ਵਿਚ ਅਹਿਮ ਸਮਝੌਤੇ ਹੋ ਸਕਦੇ ਹਨ।