ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, 1 ਦੀ ਮੌਤ, 2 ਗੰਭੀਰ

ਅਟਾਰੀ (ਅੰਮ੍ਰਿਤਸਰ), 11 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੇਰਲਾ ਰਾਜ ਤੋਂ ਅਟਾਰੀ ਬਾਰਡਰ ਨੂੰ ਜਾ ਰਹੇ ਪਰਿਵਾਰਕ ਮੈਂਬਰਾਂ ਦੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ 1 ਨੌਜਵਾਨ ਲੜਕੇ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ। ਘਟਨਾ ਸਥਾਨ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਅੱਗੇ ਮੋਟਰਸਾਈਕਲ ਫਸ ਗਿਆ ਅਤੇ ਚਾਲਕ ਕਈ ਫੁੱਟ ਉਚਾਈ ਉਤੇ ਜਾ ਕੇ ਹਾਈਵੇਅ ਉਤੇ ਡਿੱਗ ਪਏ। ਕਾਰ ਨਹਿਰ ਦੇ ਸੂਏ ਦੇ ਇਕ ਪਾਸੇ ਨਾਲ ਟਕਰਾਅ ਕੇ ਦਾਣਾ ਮੰਡੀ ਅਟਾਰੀ ਦੇ ਮੇਨ ਗੇਟ ਕੋਲ ਦਰੱਖਤ ਵਿਚ ਵੱਜ ਗਈ, ਜਿਸ ਦੌਰਾਨ ਕਾਰ ਵਿਚ ਬੈਠੇ ਪਰਿਵਾਰਕ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮ੍ਰਿਤਕ ਦੀ ਪਛਾਣ ਪ੍ਰਿੰਸਪਾਲ ਸਿੰਘ (18) ਵਾਸੀ ਪਿੰਡ ਰਣੀਕੇ ਪੁਲਿਸ ਥਾਣਾ ਘਰਿੰਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ ਉਤੇ ਹੋ ਰਹੀ ਝੰਡੇ ਦੀ ਰਸਮ ਦੇਖਣ ਜਾ ਰਹੇ ਸਨ। ਥਾਣਾ ਘਰਿੰਡਾ ਅਧੀਨ ਆਉਂਦੀ ਪੁਲਿਸ ਚੌਕੀ ਕਾਹਨਗੜ੍ਹ ਦੇ ਇੰਚਾਰਜ ਰਾਜਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।