
ਅੰਮ੍ਰਿਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)- ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਵਿਚ ਕਿਹਾ ਗਿਆ ਕਿ ਫ਼ਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ ਹੈ। ਆਗੂਆਂ ਨੇ ਕਿਹਾ ਕਿ ਧਾਮੀ ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਤੇ ਅੰਤ੍ਰਿੰਗ ਕਮੇਟੀ ਦਾ ਵਫ਼ਦ ਉਨ੍ਹਾਂ ਨਾਲ ਮੁਲਾਕਾਤ ਕਰੇਗਾ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਫ਼ੈਸਲਾ ਹਰਜਿੰਦਰ ਸਿੰਘ ਧਾਮੀ ਵਲੋਂ ਇਕਲਿਆਂ ਨਹੀਂ ਲਿਆ ਗਿਆ ਸੀ, ਇਹ ਕਮੇਟੀ ਦਾ ਫ਼ੈਸਲਾ ਸੀ। ਅੰਤ੍ਰਿੰਗ ਕਮੇਟੀ ਨੇ ਹਰਜਿੰਦਰ ਸਿੰਘ ਧਾਮੀ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਲਈ ਅੰਤ੍ਰਿੰਗ ਕਮੇਟੀ ਮੈਂਬਰਾਂ ’ਤੇ ਆਧਾਰਿਤ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਬਲਦੇਵ ਸਿੰਘ ਕਾਇਮਪੁਰ, ਹਰ ਸੁਖਪ੍ਰੀਤ ਸਿੰਘ ਰੋਡੇ , ਬੀਬੀ ਹਰਜਿੰਦਰ ਕੌਰ, ਸੁਰਜੀਤ ਸਿੰਘ ਤੁਗਲਵਾਲ ਸ਼ਾਮਿਲ ਹਨ। ਇਹ ਮੈਂਬਰ ਜਥੇਦਾਰ ਪ੍ਰਧਾਨ ਧਾਮੀ ਨਾਲ ਅਸਤੀਫ਼ਾ ਵਾਪਸ ਲੈਣ ਲਈ ਗੱਲਬਾਤ ਕਰਨਗੇ।