
ਲੋਹੀਆਂ ਖਾਸ, 21 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਕਰ੍ਹਾ ਰਾਮ ਸਿੰਘ ਦੇ ਨੰਬਰਦਾਰ ਜਗਤਾਰ ਸਿੰਘ ਬਾਬਾ ਸਾਬਕਾ ਸਰਪੰਚ ਵਲੋਂ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕਾ ਦੇਖਣ ਪੁੱਜੇ ਸ਼ਾਹਕੋਟ ਦੇ ਡੀ.ਐੱਸ.ਪੀ. ਓਂਕਾਰ ਸਿੰਘ ਬਰਾੜ ਨੇ ਥਾਣਾ ਲੋਹੀਆਂ ਵਿਖੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਕਰ੍ਹਾ ਰਾਮ ਸਿੰਘ ’ਚ ਨੰਬਰਦਾਰ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੇ-ਆਪ ਨੂੰ ਲਾਇਸੰਸੀ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੇਰ ਰਾਤ ਪੁਲਿਸ ਸੂਤਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਨੰਬਰਦਾਰ ਜਗਤਾਰ ਸਿੰਘ ਬਾਬਾ ਦੇ ਸਪੁੱਤਰ ਹਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਦੇ ਪਿਤਾ ਦੇ ਕੁੜਤੇ ਵਿਚੋਂ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਉਨ੍ਹਾਂ ਪਿੰਡ ਦੇ 3 ਵਿਅਕਤੀਆਂ ਅਤੇ 1 ਮਲੋਟ ਸ਼ਹਿਰ ਦੇ ਵਿਅਕਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ, ਉਸੇ ਆਧਾਰ ’ਤੇ ਥਾਣਾ ਲੋਹੀਆਂ ਵਿਖੇ 4 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।