

ਭੁਲੱਥ (ਕਪੂਰਥਲਾ), 21 ਫਰਵਰੀ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਨਡਾਲਾ ਰੋਡ 'ਤੇ ਸਥਿਤ ਇਕ ਪਰਿਵਾਰ ਦੇ ਤਿੰਨ ਜਣਿਆਂ ਤੇ ਪ੍ਰਵਾਸੀ ਮਜ਼ਦੂਰਾਂ ਵਿਚਕਾਰ ਹੋਏ ਝਗੜੇ ਦੌਰਾਨ 5 ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਭੁਲੱਥ 'ਚ ਜ਼ੇਰੇ ਇਲਾਜ ਅਮਰਜੀਤ ਕੌਰ ਪਤਨੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਘਰ ਦੇ ਨਜ਼ਦੀਕ ਮੇਰੇ ਦਿਓਰ ਦੀਆਂ ਦੁਕਾਨਾਂ ਹਨ ਤੇ ਇਕ ਦੁਕਾਨ ਕੁਝ ਦਿਨ ਪਹਿਲਾਂ ਸੰਤ ਰਾਮ ਪ੍ਰਵਾਸੀ ਮਜ਼ਦੂਰ ਵਲੋਂ ਕਿਰਾਏ 'ਤੇ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਹੈ। ਦੁਕਾਨਾਂ 'ਤੇ ਲੱਗੇ ਹੋਏ ਪੋਸਟਰ ਇਕ ਪ੍ਰਵਾਸੀ ਮਜ਼ਦੂਰ ਤੇ ਇਕ ਹੋਰ ਨੌਜਵਾਨ ਪਾੜ ਰਿਹਾ ਸੀ, ਜਿਸ ਨੂੰ ਮੇਰੇ ਪਤੀ ਵਲੋਂ ਪੋਸਟਰ ਪਾੜਨ ਤੋਂ ਰੋਕਣ 'ਤੇ ਪ੍ਰਵਾਸੀ ਮਜ਼ਦੂਰ ਸਮੇਤ ਇਕ ਹੋਰ ਨੌਜਵਾਨ ਵਲੋਂ ਮੇਰੇ ਪਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਜਦੋਂ ਮੇਰੇ ਜੇਠ ਦੀ ਨੂੰਹ ਤੇ ਮੈਂ ਛੁਡਾਉਣ ਲਈ ਘਰੋਂ ਨਿਕਲੀਆਂ ਤਾਂ ਉਕਤ ਲੜਕਿਆਂ ਵਲੋਂ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਮੈਂ ਡਿੱਗ ਪਈ ਤੇ ਮੇਰੀ ਲੱਤ 'ਤੇ ਗੰਭੀਰ ਸੱਟ ਲੱਗੀ। ਅੰਦਰੂਨੀ ਸੱਟਾਂ ਵੀ ਮਾਰੀਆਂ ਗਈਆਂ। ਦੂਜੇ ਪਾਸੇ ਪ੍ਰਵਾਸੀ ਮਜ਼ਦੂਰ ਸੰਤ ਰਾਮ ਜ਼ੇਰੇ ਇਲਾਜ ਸਿਵਲ ਹਸਪਤਾਲ ਭੁਲੱਥ ਨੇ ਕਿਹਾ ਕਿ ਪੋਸਟਰ ਪਾੜਨ ਤੋਂ ਹੋਏ ਵਿਵਾਦ ਦੌਰਾਨ ਉਹ ਝਗੜਾ ਟਾਲਣ ਲਈ ਅੱਗੇ ਵਧਿਆ ਤੇ ਛੁਡਾਉਣ ਸਮੇਂ ਉਸਦੇ 'ਤੇ ਤੇ ਉਸਦੀ ਪਤਨੀ ਰੀਨਾ ਦੀ ਕੁੱਟਮਾਰ ਕਰ ਦਿੱਤੀ ਗਈ। ਦੋਹਾਂ ਧਿਰਾਂ ਵਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਝਗੜੇ ਦਾ ਜੋ ਵੀ ਦੋਸ਼ੀ ਹੈ, ਉਸ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਇਸ ਸਬੰਧੀ ਥਾਣਾ ਭੁਲੱਥ ਦੇ ਐਸ.ਐਚ.ਓ. ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ।