
ਫਾਜ਼ਿਲਕਾ, 21 ਫਰਵਰੀ (ਬਲਜੀਤ ਸਿੰਘ)- ਪ੍ਰਸ਼ਾਸਨ ਅਤੇ ਸਰਕਾਰਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਬਾਜ਼ਾਰ ਵਿਚ ਚਾਈਨਾ ਡੋਰ ਸਰੇਆਮ ਵੇਚੀ ਜਾ ਰਹੀ ਹੈ, ਜਿਸ ਦੇ ਚਲਦੇ ਆਏ ਦਿਨ ਇਹ ਖੂਨੀ ਡੋਰ ਕਿਸੇ ਨਾ ਕਿਸੇ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਫਾਜ਼ਿਲਕਾ ਦੇ ਮਹਾਵੀਰ ਕਲੋਨੀ ਨਿਵਾਸੀ ਨੌਜਵਾਨ ਵਿਰਾਟ ਪੁੱਤਰ ਮਹੇਸ਼ ਦਾਵਰਾ ਦਾ ਚਾਈਨਾ ਡੋਰ ਨਾਲ ਗਲਾ ਕੱਟ ਜਾਨ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਰਾਟ ਆਪਣੇ ਦੋਸਤ ਨਾਲ ਐਕਟਿਵਾ ’ਤੇ ਜਾ ਰਿਹਾ ਸੀ ਕਿ ਕਲੋਨੀ ਦੇ ਵਿਚ ਹੀ ਚਾਈਨਾ ਡੋਰ ਲਟਕ ਰਹੀ ਸੀ ਜੋ ਕਿ ਇਸ ਦੇ ਗਲੇ ਵਿਚ ਅੜ ਜਾਣ ਕਾਰਨ ਗਲੇ ’ਤੇ ਕੱਟ ਲੱਗ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਵਿਰਾਟ ਦਾ ਇਲਾਜ ਕਰਵਾਇਆ ਗਿਆ ਹੈ ਅਤੇ ਡਾਕਟਰ ਵਲੋਂ ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।