ਜਗਜੀਤ ਸਿੰਘ ਡੱਲੇਵਾਲ ਨੂੰ ਟਰਾਲੀ ’ਚੋਂ ਲਿਆਂਦਾ ਬਾਹਰ
ਸ਼ੁਤਰਾਣਾ, (ਪਟਿਆਲਾ), 22 ਜਨਵਰੀ (ਬਲਦੇਵ ਸਿੰਘ ਮਹਿਰੋਕ)- ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਉਨ੍ਹਾਂ ਦੀ ਟਰਾਲੀ ’ਚੋਂ ਬਾਹਰ ਲਿਆਂਦਾ ਗਿਆ ਹੈ, ਜਿਥੇ ਉਹ ਪਿਛਲੇ 56 ਦਿਨਾਂ ਤੋਂ ਬੈਠੇ ਸਨ। ਇਸ ਸਮੇਂ ਉਨ੍ਹਾਂ ਨੂੰ ਮੋਰਚੇ ਵਾਲੀ ਸਟੇਜ ਦੇ ਨੇੜੇ ਹੀ ਇਕ ਨਿੱਜੀ ਹੋਟਲ ਦੇ ਬਾਹਰ ਖੁੱਲੀ ਹਵਾ ਤੇ ਧੁੱਪ ਦੀ ਰੋਸ਼ਨੀ ਵਿਚ ਰੱਖਿਆ ਗਿਆ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹੂਲਤ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਪਟਿਆਲਾ ਡਾ. ਦਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਮੌਜੂਦ ਮਾਹਰ ਡਾਕਟਰਾਂ ਨੇ ਉਨ੍ਹਾਂ ਨੂੰ ਗੁਲੂਕੋਜ਼ ਡਰਿੱਪ ਲਾਈ ਹੈ।