ਯੋਗੀ ਆਦਿੱਤਿਆਨਾਥ ਨੇ ਮਹਾਕੁੰਭ ’ਚ ਕੀਤੇ ਵੱਡੇ ਐਲਾਨ
ਪ੍ਰਯਾਗਰਾਜ, 22 ਜਨਵਰੀ- ਯੋਗੀ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਯੂ.ਪੀ. ਦੇ ਪ੍ਰਯਾਗਰਾਜ ਵਿਚ ਮਹਾਕੁੰਭ ਵਿਖੇ ਹੋਈ। ਇਸ ਦੌਰਾਨ, ਮੁੱਖ ਮੰਤਰੀ ਨੇ ਕੈਬਨਿਟ ਦੇ ਨਾਲ ਸੰਗਮ ਵਿਚ ਡੁਬਕੀ ਲਗਾਈ। ਇਸ ਤੋਂ ਬਾਅਦ ਉਨ੍ਹਾਂ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਪ੍ਰਯਾਗਰਾਜ, ਵਾਰਾਣਸੀ ਅਤੇ ਆਗਰਾ ਸਾਡੇ ਤਿੰਨ ਮਹੱਤਵਪੂਰਨ ਨਗਰ ਨਿਗਮ ਹਨ। ਅਸੀਂ ਇਥੇ ਬਾਂਡ ਜਾਰੀ ਕਰਨ ਜਾ ਰਹੇ ਹਾਂ। ਸਰਕਾਰ ਚਿੱਤਰਕੂਟ ਅਤੇ ਪ੍ਰਯਾਗਰਾਜ ਦਾ ਵਿਕਾਸ ਕਰੇਗੀ। ਇਸ ਲਈ ਗੰਗਾ ਐਕਸਪ੍ਰੈਸਵੇਅ ਨੂੰ ਵਧਾਇਆ ਜਾਵੇਗਾ। ਇਸ ਨਾਲ ਸੈਰ-ਸਪਾਟਾ ਅਤੇ ਆਰਥਿਕ ਦ੍ਰਿਸ਼ਟੀਕੋਣ ਮਜ਼ਬੂਤ ਹੋਵੇਗਾ ਅਤੇ ਇਸ ਦੇ ਨਾਲ ਹੀ ਗੰਗਾ ਐਕਸਪ੍ਰੈਸਵੇਅ ਬੁੰਦੇਲਖੰਡ ਨਾਲ ਜੁੜ ਜਾਵੇਗਾ। ਇਸ ਨਾਲ ਪ੍ਰਯਾਗਰਾਜ ਅਤੇ ਚਿਤਰਕੂਟ ਖੇਤਰ ਵਿਚ ਵਿਕਾਸ ਵਿਚ ਤੇਜ਼ੀ ਆਵੇਗੀ। ਇਸ ਤੋਂ ਇਲਾਵਾ, ਸਰਕਾਰ ਪ੍ਰਯਾਗਰਾਜ ਨੂੰ ਮਿਰਜ਼ਾਪੁਰ, ਵਾਰਾਣਸੀ ਅਤੇ ਜੌਨਪੁਰ ਨਾਲ ਜੋੜਨ ਲਈ ਝੁੰਸੀ ਵੱਲ ਇਕ ਚਾਰ-ਮਾਰਗੀ ਪੁਲ ਬਣਾਏਗੀ।