ਵਿਰੋਧੀ ਧਿਰ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਜਥੇਦਾਰ ਨੂੰ ਦਿੱਤਾ ਯਾਦ ਪੱਤਰ
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਅਤੇ ਹੋਰ ਮੈਂਬਰਾਂ ਵਲੋਂ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਮ ਯਾਦ ਪੱਤਰ ਦੇ ਕੇ ਪਿਛਲੇ ਦਿਨੀਂ ਅਕਾਲ ਤਖਤ ਸਾਹਿਬ ਤੋਂ ਜਾਰੀ ਆਦੇਸ਼ਾਂ ਦਾ ਪਾਲਣ ਕਰਨ ਤੋਂ ਭਗੌੜੇ ਹੋਏ ਸੁਖਬੀਰ ਸਿੰਘ ਬਾਦਲ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ। ਯਾਦ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਸ. ਪੜੇਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਧਿਰ ਦੋ ਦਸੰਬਰ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਨ ਤੋਂ ਭਗੌੜਾ ਹੋ ਚੁੱਕੀ ਹੈ ਤੇ ਇਹ ਇਤਿਹਾਸਿਕ ਤੌਰ ਉੱਤੇ ਬਹੁਤ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਬਹੁਤ ਜ਼ਰੂਰੀ ਹੈ ਤੇ ਹੁਕਮ ਅਦੂਲੀ ਕਰਕੇ ਭਗੌੜੇ ਹੋਣ ਵਾਲੇ ਇਨ੍ਹਾਂ ਸਿੱਖਾਂ ਖਿਲਾਫ਼ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਬੀਬੀ ਕਿਰਨਜੋਤ ਕੌਰ, ਰਾਮਪਾਲ ਸਿੰਘ ਬਹਿਣੀ, ਤੇਜਾ ਸਿੰਘ ਕਮਾਲਪੁਰ ਤੇ ਪਰਮਜੀਤ ਸਿੰਘ ਰਾਏਪੁਰ ਆਦਿ ਸ਼੍ਰੋਮਣੀ ਕਮੇਟੀ ਮੈਂਬਰ ਤੇ ਹੋਰ ਆਗੂ ਵੀ ਮੌਜੂਦ ਸਨ।