
ਚੰਡੀਗੜ੍ਹ, 26 ਫਰਵਰੀ (ਅਜਾਇਬ)-ਪੰਜਾਬ ਸਰਕਾਰ ਨੇ ਅੱਜ ਇਕ ਤੁਰੰਤ ਨੋਟੀਫਿਕੇਸ਼ਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਐਲੀਮੈਂਟਰੀ, ਡਾਇਰੈਕਟਰ ਐਸ. ਈ.ਆਰ.ਟੀ. ਪੰਜਾਬ, ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਪੰਜਾਬ ਦੇ ਨਾਂ ਜਾਰੀ ਕਰਦਿਆਂ ਇਹ ਹੁਕਮ ਕੀਤੇ ਹਨ ਕਿ ਕੋਈ ਵੀ ਬੋਰਡ ਜਾਂ ਸੰਸਥਾ ਕਿਸੇ ਵਿਦਿਆਰਥੀ ਨੂੰ ਉਦੋਂ ਤੱਕ ਮੈਟ੍ਰਿਕ ਦਾ ਸਰਟੀਫਿਕੇਟ ਨਹੀਂ ਦੇਵੇਗੀ ਜਦੋਂ ਤੱਕ ਉਸਨੇ ਦਸਵੀਂ ਕਲਾਸ ਦੀ ਪ੍ਰੀਖਿਆ ਵਿਚ ਪੰਜਾਬੀ ਵਿਸ਼ਾ ਪਾਸ ਨਾ ਕੀਤਾ ਹੋਵੇ। ਇਹ ਐਲਾਨ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਲਈ ਭਾਵੇਂ ਬੋਰਡ ਕੋਈ ਵੀ ਹੋਵੇ, ਪੰਜਾਬੀ ਨੂੰ ਮੁੱਖ ਅਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਲਾਜ਼ਮੀ ਕਰ ਦਿੱਤਾ ਹੈ, ਜਿਸ ਦਾ ਪੂਰਾ ਬਿਓਰਾ ਜਾਰੀ ਕਾਪੀ ਵਿਚ ਦੱਸਿਆ ਗਿਆ ਹੈ।