
ਜਲੰਧਰ, 26 ਫਰਵਰੀ- ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੇ ਦਿਨ ਦਿੱਲੀ ਵਿਚ ਇਕ ਤਲਾਸ਼ੀ ਮੁਹਿੰਮ ਤੋਂ ਬਾਅਦ ਦਿੱਲੀ ਸਥਿਤ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨਾਲ ਜੁੜੇ ਇਕ ਮੁੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਂਝੀ ਕੀਤੀ ਹੈ। ਦੋਸ਼ੀ ਦੀ ਪਛਾਣ ਆਰਿਫ ਨਿਸਾਰ (ਸੰਸਥਾਪਕ) ਵਜੋਂ ਹੋਈ ਹੈ। ਇਹ ਤਲਾਸ਼ੀਆਂ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਸੰਬੰਧਿਤ ਸੰਸਥਾਵਾਂ ਅਤੇ ਵਿਅਕਤੀਆਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿਚ ਪੀ.ਐਮ.ਐਲ.ਏ., 2002 ਦੇ ਉਪਬੰਧਾਂ ਤਹਿਤ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ, ਜਦੋਂ ਜਾਂਚ ਵਿਚ ਪੂਰਾ ਸਹਿਯੋਗ ਨਹੀਂ ਮਿਲਿਆ, ਤਾਂ ਈ.ਡੀ. ਜਲੰਧਰ ਨੇ ਨਾਸਿਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਵੱਡੀ ਮਾਤਰਾ ਵਿਚ ਰਿਕਾਰਡ ਵੀ ਜ਼ਬਤ ਕਰ ਲਿਆ, ਜਿਸ ਦੇ ਆਧਾਰ ’ਤੇ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ। ਆਰਿਫ ਨਿਸਾਰ, ਜਿਸ ਨੂੰ ਇਸ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ ਸੀ, ਨੂੰ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਈ.ਡੀ. ਜਲੰਧਰ ਨੇ ਵਿਸ਼ੇਸ਼ ਅਦਾਲਤ (ਪੀਐਮਐਲਏ, ਜਲੰਧਰ) ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੇ ਦੋਸ਼ੀ ਆਰਿਫ਼ ਦਾ 4 ਮਾਰਚ ਯਾਨੀ (8 ਦਿਨ) ਤੱਕ ਰਿਮਾਂਡ ਹਾਸਲ ਕਰ ਲਿਆ ਹੈ। ਮਾਮਲੇ ਵਿਚ ਹੋਰ ਸਹਿਯੋਗੀਆਂ ਅਤੇ ਰਿਕਾਰਡਾਂ ਦੇ ਆਧਾਰ ’ਤੇ ਵੀ ਪੁੱਛਗਿੱਛ ਕੀਤੀ ਜਾਵੇਗੀ।