

ਚੰਡੀਗੜ੍ਹ, 26 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਤਹਿਤ ਦਸਵੀਂ ਅਤੇ ਬਾਰਵੀਂ ਦੇ ਬੋਰਡ ਦੇ ਇਮਤਿਹਾਨਾਂ ਦੀ ਡਰਾਫਟ ਕੀਤੀ ਗਈ ਨੀਤੀ ਵਿਚ ਪੰਜਾਬੀ ਮਾਂ ਬੋਲੀ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਹ ਪੰਜਾਬੀ ਮਾਂ ਬੋਲੀ ਨਾਲ ਬਹੁਤ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੁਨੀਆ ਭਰ ਵਿਚ ਬੋਲੀਆਂ ਜਾਂਦੀਆਂ ਮੁੱਖ ਭਾਸ਼ਾਵਾਂ ਵਿਚੋਂ ਇਕ ਅਹਿਮ ਭਾਸ਼ਾ ਹੈ ਪਰ ਕੇਂਦਰ ਸਰਕਾਰ ਵਲੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਵਿਚ ਅਤੇ ਹੁਣ ਸੀ.ਬੀ.ਐਸ.ਈ. ਦੇ ਦਸਵੀਂ ਅਤੇ ਬਾਰਵੀਂ ਦੇ ਸਿਲੇਬਸ ਵਿਚੋਂ ਇਸ ਨੂੰ ਬਾਹਰ ਕੱਢ ਕੇ ਬਹੁਤ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਦਾ ਹੈ ਅਤੇ ਕੇਂਦਰ ਸਰਕਾਰ ਅਤੇ ਬੋਰਡ ਤੋਂ ਮੰਗ ਕਰਦਾ ਹੈ ਕਿ ਤੁਰੰਤ ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਵੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਕੋਲ ਜਾ ਕੇ ਇਸ ਧੱਕੇਸ਼ਾਹੀ ਖਿਲਾਫ਼ ਵਿਰੋਧ ਕਰਨਾ ਚਾਹੀਦਾ ਹੈ।