
ਮਜੀਠਾ, (ਅੰਮ੍ਰਿਤਸਰ), 26 ਫਰਵਰੀ (ਜਗਤਾਰ ਸਿੰਘ ਸਹਿਮੀ) - ਬੀਤੀ ਦੇਰ ਰਾਤ ਇਕ ਤੇਜ ਰਫ਼ਤਾਰ ਆਲਟੋ ਕਾਰ ਦੇ ਹਾਦਸਾ ਗ੍ਰਸਤ ਹੋਣ ’ਤੇ ਤਿੰਨ ਕਾਰ ਸਵਾਰ ਨੌਜਵਾਨਾਂ ’ਚੋਂ ਦੋ ਦੀ ਮੌਕੇ ’ਤੇ ਮੌਤ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਾਜਨ ਭੱਟੀ ਪੁੱਤਰ ਡੈਨੀਅਲ ਮਜੀਹ ਵਾਸੀ ਵਡਾਲਾ ਜੋ ਓਮ ਪ੍ਰਕਾਸ ਹਸਪਤਾਲ ਵਿਚ ਡਿਊਟੀ ਕਰਦਾ ਸੀ, ਦੂਜਾ ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਕਿਸੇ ਫੈਕਟਰੀ ’ਚ ਲੱਗਾ ਸੀ ਅਤੇ ਤੀਜਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਾਲੋਵਾਲੀ ਵੀ ਅੰਮ੍ਰਿਤਸਰ ਵਿਖੇ ਕੰਮ ਕਰਦਾ ਸੀ। ਜ਼ਿਕਰਯੋਗ ਹੈ ਕਿ ਉਕਤ ਤਿੰਨੇ ਨੌਜਵਾਨ ਦੋਸਤ ਸਨ ਤੇ ਬੀਤੀ ਦੇਰ ਰਾਤ ਅੰਮ੍ਰਿਤਸਰ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਜਦੋਂ ਇਹ ਪਿੰਡ ਹਮਾਯਾ ਮੋੜ ’ਤੇ ਪਹੁੰਚੇ ਤਾਂ ਇਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਵਿਚ ਜਾ ਵੱਜੀ, ਜਿਸ ’ਤੇ ਇਨ੍ਹਾਂ ਤਿੰਨਾ ਵਿਚੋਂ ਰਾਜਨ ਭੱਟੀ ਵਾਸੀ ਵਡਾਲਾ ਤੇ ਬਲਜਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜਾ ਨੌਜਵਾਨ ਨਿਸ਼ਾਨ ਸਿੰਘ ਵਾਸੀ ਭਾਲੋਵਾਲੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਵਲੋਂ ਬੀਤੀ ਰਾਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।