
ਚੰਡੀਗੜ੍ਹ, 22 ਫਰਵਰੀ- ਥਾਣਾ ਲੋਹੀਆ ਖਾਸ ਦੇ ਪਿੰਡ ਕਰਹਾ ਰਾਮ ਸਿੰਘ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੰਬਰਦਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੰਬਰਦਾਰ ਨੇ ਬਾਥਰੂਮ ਵਿਚ ਆਪਣੀ ਲਾਇਸੈਂਸੀ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰੀ। ਇਸ ਘਟਨਾ ਵਿਚ, ਨੰਬਰਦਾਰ ਦੇ ਮੂੰਹ ਦੇ ਨੇੜੇ ਗੋਲੀ ਲੱਗਣ ਤੋਂ ਬਾਅਦ ਉਸ ਦਾ ਚਿਹਰਾ ਬੁਰੀ ਤਰ੍ਹਾਂ ਵਿਗੜ ਗਿਆ ਸੀ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਾਹਕੋਟ ਦੇ ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਅਤੇ ਲੋਹੀਆਂ ਖਾਸ ਥਾਣਾ ਇੰਚਾਰਜ ਜੈਪਾਲ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਅਪਰਾਧ ਵਿਚ ਵਰਤੀ ਗਈ ਬੰਦੂਕ ਨੂੰ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ। ਮ੍ਰਿਤਕ ਜਗਤਾਰ ਸਿੰਘ ਦੇ ਪੁੱਤਰ ਹਰਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਿਤਾ ਨੇ ਬੈੱਡਰੂਮ ਨਾਲ ਜੁੜੇ ਬਾਥਰੂਮ ਵਿਚ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਹਰਦੇਵ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਾਂਚ ਵਿੱਚ ਰੁੱਝੀ ਹੋਈ ਹੈ। ਆਪਣੇ ਸੁਸਾਈਡ ਨੋਟ ਵਿਚ, ਮ੍ਰਿਤਕ ਜਗਤਾਰ ਸਿੰਘ ਨੇ ਆਪਣੀ ਮੌਤ ਲਈ ਚਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਵਿਚੋਂ ਤਿੰਨ ਉਸਦੇ ਆਪਣੇ ਪਿੰਡ ਦੇ ਹਨ ਜਦੋਂ ਕਿ ਇਕ ਦੂਜੇ ਪਿੰਡ ਦਾ ਹੈ। ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਵਿਚ ਮ੍ਰਿਤਕ ਜਗਤਾਰ ਸਿੰਘ ਨੇ ਉਪਰੋਕਤ ਚਾਰ ਲੋਕਾਂ ’ਤੇ ਲਗਾਤਾਰ ਉਸ ਨੂੰ ਤੰਗ ਕਰਨ ਦੇ ਦੋਸ਼ ਲਗਾਏ ਹਨ, ਜਿਸ ਦੇ ਆਧਾਰ ’ਤੇ ਪੁਲਿਸ ਨੇ ਚਾਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਮਲਕੀਤ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ, ਸਾਰੇ ਪਿੰਡ ਕਰਾਹ ਦੇ ਵਸਨੀਕ ਅਤੇ ਵਰਿੰਦਰ ਸਿੰਘ ਵਾਸੀ ਮਲੋਟ ਸ਼ਾਮਿਲ ਹਨ।