
ਨਵੀਂ ਦਿੱਲੀ. 21 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਮੰਡਪਮ ਵਿਖੇ ਸਕੂਲ ਆਫ਼ ਅਲਟੀਮੇਟ ਲੀਡਰਸ਼ਿਪ ਕਨਕਲੇਵ ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ, ਉਸ ਦੇ ਲੋਕਾਂ ਯਾਨੀ ਨਾਗਰਿਕਾਂ ਦਾ ਵਿਕਾਸ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਉਚਾਈ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਸ਼ੁਰੂਆਤ ਸਿਰਫ਼ ਲੋਕਾਂ ਤੋਂ ਹੀ ਹੁੰਦੀ ਹੈ। ਹਰ ਖੇਤਰ ਵਿਚ ਸ਼ਾਨਦਾਰ ਨੇਤਾਵਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ, ਇਹ ਸਮੇਂ ਦੀ ਲੋੜ ਹੈ ਤੇ ਇਸ ਲਈ ਸਕੂਲ ਆਫ਼ ਅਲਟੀਮੇਟ ਲੀਡਰਸ਼ਿਪ ਦੀ ਸਥਾਪਨਾ ਵਿਕਸਤ ਭਾਰਤ ਦੀ ਵਿਕਾਸ ਯਾਤਰਾ ਵਿਚ ਇਕ ਬਹੁਤ ਮਹੱਤਵਪੂਰਨ ਅਤੇ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਭਾਰਤ ਨੂੰ ਗੁਲਾਮੀ ਤੋਂ ਬਾਹਰ ਕੱਢ ਕੇ ਬਦਲਾਅ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਉਨ੍ਹਾਂ ਕੋਲ 100 ਆਗੂ ਹੋਣ, ਤਾਂ ਉਹ ਨਾ ਸਿਰਫ਼ ਭਾਰਤ ਨੂੰ ਆਜ਼ਾਦੀ ਦਵਾ ਸਕਦੇ ਹਨ, ਸਗੋਂ ਇਸ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਵੀ ਬਣਾ ਸਕਦੇ ਹਨ। ਸਾਨੂੰ ਸਾਰਿਆਂ ਨੂੰ ਇਸ ਮੰਤਰ ਨਾਲ ਅੱਗੇ ਵਧਣਾ ਪਵੇਗਾ।