
ਚੰਡੀਗੜ੍ਹ, 21 ਫਰਵਰੀ- ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਦੀ ਲੋਕ ਸਭਾ ਤੋਂ ਗੈਰ-ਹਾਜ਼ਰੀ ਕਾਰਨ ਸੰਸਦ ਮੈਂਬਰੀ ਖ਼ਤਰੇ ਵਿਚ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅੰਮ੍ਰਿਤਪਾਲ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਬਾਅਦ ਅਗਲੀ ਤਰੀਕ 25 ਫਰਵਰੀ ਦਿੱਤੀ ਗਈ ਹੈ। ਸੰਸਦ ਮੈਂਬਰ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਲੋਕ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਦਾਲਤ ਇਸ ਸਮੇਂ ਦੌਰਾਨ ਤਕਨੀਕੀ ਪਹਿਲੂਆਂ ’ਤੇ ਨਜ਼ਰ ਰੱਖਣਾ ਚਾਹੁੰਦੀ ਹੈ ਤੇ ਤਕਨੀਕੀ ਪਹਿਲੂਆਂ ’ਤੇ 25 ਫਰਵਰੀ ਨੂੰ ਚਰਚਾ ਹੋ ਸਕਦੀ ਹੈ। ਦਰਅਸਲ, ਪਟੀਸ਼ਨ ਵਿਚ ਇਹ ਹਵਾਲਾ ਦਿੱਤਾ ਗਿਆ ਹੈ ਕਿ ਨਿਯਮਾਂ ਅਨੁਸਾਰ, ਜੇਕਰ ਉਹ 60 ਦਿਨਾਂ ਤੱਕ ਲੋਕ ਸਭਾ ਦੀ ਕਾਰਵਾਈ ਤੋਂ ਗੈਰ-ਹਾਜ਼ਰ ਰਹਿੰਦੇ ਹਨ, ਤਾਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ। ਇਹ ਦਲੀਲ ਦਿੱਤੀ ਗਈ ਹੈ ਕਿ ਉਹ 46 ਦਿਨਾਂ ਤੋਂ ਲੋਕ ਸਭਾ ਦੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕੇ ਹਨ।