
ਸੈਕਰਾਮੈਂਟੋ, ਕੈਲੀਫੋਰਨੀਆ, 21 ਫਰਵਰੀ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਕਾਸ਼ ਪਟੇਲ ਅਮਰੀਕਾ ਦੀ ਚੋਟੀ ਦੀ ਲਾਅ ਇਨਫੋਰਸਮੈਂਟ ਏਜੰਸੀ ਐਫ਼. ਬੀ. ਆਈ. ਦੇ ਅਗਲੇ ਮੁਖੀ ਹੋਣਗੇ। ਸੈਨੇਟ ਵਿਚ ਅੰਤਿਮ ਵੋਟਿੰਗ ਦੌਰਾਨ ਐਫ਼. ਬੀ. ਆਈ. ਦੇ ਡਾਇਰੈਕਟਰ ਵਜੋਂ ਉਨ੍ਹਾਂ ਦੇ ਨਾਂਅ ਦੀ ਪੁਸ਼ਟੀ ਕਰ ਦਿੱਤੀ ਗਈ ਹੈ, ਹਾਲਾਂਕਿ 2 ਰਿਪਬਲੀਕਨ ਮੈਂਬਰਾਂ ਨੇ ਪਟੇਲ ਵਿਰੁੱਧ ਵੋਟ ਪਾਈ। ਰਿਪਬਲੀਕਨ ਸੈਨੇਟ ਮੈਂਬਰ ਸੁਸਾਨ ਕੋਲਿਨਸ ਤੇ ਲੀਸਾ ਮੁਰਕੋਵਸਕੀ ਨੇ ਡੈਮੋਕਰੈਟਸ ਦਾ ਸਾਥ ਦਿੱਤਾ ਤੇ ਉਨ੍ਹਾਂ ਨੇ ਪਟੇਲ ਵਿਰੁੱਧ ਵੋਟ ਪਾਈ। ਪਟੇਲ ਦੇ ਹੱਕ ਵਿਚ 51 ਤੇ ਵਿਰੋਧ ਵਿਚ 49 ਵੋਟਾਂ ਪਈਆਂ। ਪਹਿਲੀ ਵੋਟਿੰਗ ਦੌਰਾਨ ਪਟੇਲ ਦੇ ਹੱਕ ਵਿਚ 48 ਤੇ ਵਿਰੋਧ ਵਿਚ 45 ਵੋਟਾਂ ਭੁਗਤੀਆਂ ਸਨ। ਵੋਟਿੰਗ ਤੋਂ ਪਹਿਲਾਂ ਪਟੇਲ ਨੇ ਕਿਹਾ ਕਿ ਉਹ ਐਫ਼. ਬੀ. ਆਈ. ਦਾ ਰਾਜਸੀਕਰਨ ਨਹੀਂ ਹੋਣ ਦੇਣਗੇ ਤੇ ਨਿਰਪੱਖਤਾ ਨਾਲ ਕੰਮ ਕਰਨਗੇ। ਪਟੇਲ ਨੇ ਡੈਮੋਕਰੈਟਸ ਉਪਰ ਦੋਸ਼ ਲਾਇਆ ਕਿ ਉਹ ਉਸ ਦੇ ਪੁਰਾਣੇ ਬਿਆਨਾਂ ਨੂੰ ਆਧਾਰ ਬਣਾ ਕੇ ਉਸ ਦਾ ਵਿਰੋਧ ਕਰ ਰਹੇ ਹਨ। ਰਿਪਬਲੀਕਨ ਮੈਂਬਰਾਂ ਨੇ ਐਫ਼. ਬੀ. ਆਈ. ਦੇ ਮੁਖੀ ਵਜੋਂ ਟਰੰਪ ਦੀ ਚੋਣ ਦਾ ਸਮਰਥਨ ਕਰਦਿਆਂ ਕਿਹਾ ਕਿ ਪਟੇਲ ਏਜੰਸੀ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣਗੇ। ਉਨ੍ਹਾਂ ਨੇ ਪਟੇਲ ਵਲੋਂ ਅਤੀਤ ਵਿਚ ਦਿੱਤੇ ਵਿਵਾਦਤ ਬਿਆਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਬਿਆਨ ਵਧਾ ਚੜਾ ਕੇ ਪੇਸ਼ ਕੀਤੇ ਗਏ ਹਨ।