ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਨੌਜਵਾਨ ਲੜਕੀ ਦੀ ਮੌਤ
ਮਹਿਲ ਕਲਾਂ, (ਬਰਨਾਲਾ), 10 ਜਨਵਰੀ (ਅਵਤਾਰ ਸਿੰਘ ਅਣਖੀ)- ਅੱਜ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਬਠਿੰਡਾ ਮੁੱਖ ਮਾਰਗ ’ਤੇ ਪਿੰਡ ਵਜੀਦਕੇ ਕਲਾਂ ਨੇੜੇ ਪੈਪਸੂ ਰੋਡਵੇਜ਼ ਬੱਸ ਸਮੇਤ ਪੰਜ ਵਾਹਨਾਂ ਦੇ ਪਿੱਛੇ ਦੀ ਪਿੱਛੇ ਟਕਰਾਉਣ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ ਨੌਜਵਾਨ ਲੜਕੀ ਦੀ ਮੌਤ ਅਤੇ ਅੱਧੀ ਦਰਜਨ ਦੇ ਕਰੀਬ ਬੱਸ ਦੀਆਂ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਪੈਪਸੂ ਰੋਡਵੇਜ਼ ਦੀ ਬੱਸ ਬਰਨਾਲਾ ਤੋਂ ਸਵਾਰੀਆਂ ਲੈ ਕੇ ਲੁਧਿਆਣਾ ਜਾ ਰਹੀ ਸੀ, ਜਦੋਂ ਉਹ ਪਿੰਡ ਵਜੀਦਕੇ ਕਲਾਂ ਨੇੜੇ ਪਹੁੰਚੀ ਤਾਂ ਠੀਕਰੀਵਾਲ ਲਿੰਕ ਸੜਕ ਤੋਂ ਇਕ ਇੱਟਾਂ ਨਾਲ ਭਰੀ ਟਰਾਲੀ ਅਚਾਨਕ ਮੁੱਖ ਮਾਰਗ ’ਤੇ ਆ ਚੜੀ, ਤੇਜ਼ ਰਫ਼ਤਾਰ ਬੱਸ ਇਸ ਟਰਾਲੀ ਦੇ ਪਿਛਲੇ ਪਾਸੇ ਟਕਰਾ ਗਈ। ਉਸ ਤੋਂ ਬਾਅਦ ਤੇਜ਼ ਟਰਾਲਾ ਆ ਟਕਰਾਇਆ, ਜਿਸ ਨੇ ਸੜਕ ਤੋਂ ਆਪਣਾ ਬੈਗ ਚੁੱਕ ਰਹੀ ਲੜਕੀ ਨੂੰ ਆਪਣੀ ਲਪੇਟ ’ਚ ਲੈ ਲਿਆ। ਮ੍ਰਿਤਕ ਲੜਕੀ ਦੀ ਪਛਾਣ ਅਨੂ ਪ੍ਰਿਆ ਪੁੱਤਰੀ ਸੁਖਦੇਵ ਸਿੰਘ ਫੌਜੀ ਵਾਸੀ ਖੇੜੀ ਕਲਾਂ (ਸੰਗਰੂਰ) ਵਜੋਂ ਹੋਈ ਹੈ। ਬਾਕੀ ਅੱਧੀ ਦਰਜਨ ਦੇ ਕਰੀਬ ਜ਼ਖਮੀ ਸਵਾਰੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਹੈ।