ਪੁਲਿਸ ਥਾਣਿਆਂ ’ਤੇ ਧਮਾਕੇ ਹੋ ਰਹੇ ਹਨ, ਪਰ ਅੰਮ੍ਰਿਤਸਰ ਪੁਲਿਸ ਛੁਪਾ ਰਹੀ ਹੈ : ਮਜੀਠੀਆ
ਅੰਮ੍ਰਿਤਸਰ, 10 ਜਨਵਰੀ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਜ਼ਿਲ੍ਹਾ ਕਚਹਿਰੀ ਵਿਖੇ ਇਕ ਕੇਸ ਦੇ ਮਾਮਲੇ ਵਿਚ ਤਾਰੀਖ਼ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਥਾਣਿਆਂ ’ਤੇ ਧਮਾਕੇ ਹੋ ਰਹੇ ਹਨ ਪਰ ਅੰਮ੍ਰਿਤਸਰ ਦੀ ਪੁਲਿਸ ਇਨ੍ਹਾਂ ਨੂੰ ਛੁਪਾ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਵਿਚ ਕਦੇ ਕਿਸੇ ਨੇ ਕਾਰ ਦਾ ਰੇਡੀਏਟਰ ਫਟਦਾ ਨਹੀਂ ਦੇਖਿਆ, ਜਿਹੜਾ ਕਿ ਪੁਲਿਸ ਦੱਸ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਹੋਣ ਜਾ ਰਹੀ ਇਕੱਤਰਤਾ ਬਾਰੇ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਵਲੋਂ ਤਾਂ ਨਵੰਬਰ ਵਿਚ ਹੀ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਵਿਚ ਸੁਧਾਰ ਕਰਨਾ ਚਾਹੀਦਾ ਹੈ। ਇਥੇ ਜ਼ਿਕਰ ਯੋਗ ਹੈ ਕਿ ਪੁਰਾਣੇ ਚਲ ਰਹੇ ਮਾਣਹਾਨੀ ਮਾਮਲੇ ਵਿਚ ਸ. ਮਜੀਠੀਆ ਅੱਜ ਜ਼ਿਲ੍ਹਾ ਕਚਹਿਰੀ ਵਿਖੇ ਪੁੱਜੇ ਸਨ, ਪਰ ਆਪ ਆਗੂ ਸੰਜੇ ਸਿੰਘ ਅੱਜ ਵੀ ਤਰੀਕ ’ਤੇ ਨਹੀਂ ਪੁੱਜੇ। ਇਸ ਕੇਸ ਦੀ ਅਗਲੀ ਤਰੀਕ 3 ਫਰਵਰੀ ਪਈ ਹੈ।