ਕ੍ਰਾਂਤੀਕਾਰੀ ਪਿੰਡ ਮਜ਼ਦੂਰ ਯੂਨੀਅਨ ਨੇ ਬੀ.ਡੀ.ਪੀ.ਓ. ਦਫਤਰ ਵਿਖੇ ਲਾਇਆ ਧਰਨਾ
ਗੁਰੂਹਰਸਹਾਏ (ਫਿਰੋਜ਼ਪੁਰ), 18 ਦਸੰਬਰ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਗੁਰੂਹਰਸਹਾਏ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਮਨਰੇਗਾ ਮਸਲਿਆਂ ਨੂੰ ਹੱਲ ਕਰਵਾਉਣ ਲਈ ਪੰਚਾਇਤ ਵਿਭਾਗ ਦੇ ਬਲਾਕ ਅਫਸਰ ਬੀ. ਡੀ. ਪੀ. ਓ. ਗੁਰੂਹਰਸਹਾਏ ਦੇ ਦਫਤਰ ਬਾਹਰ ਬਲਾਕ ਜਥੇਬੰਦਕ ਕਮੇਟੀ ਦੇ ਆਗੂਆਂ, ਵਰਕਰਾਂ ਅਤੇ ਪਿੰਡਾਂ ਦੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸੰਕੇਤਕ ਧਰਨਾ ਦਿੱਤਾ। ਇਸ ਮੌਕੇ ਬਲਾਕ ਕਨਵੀਨਰ ਕੁਲਦੀਪ ਸਿੰਘ ਤੋਂ ਇਲਾਵਾ ਸੂਬਾ ਆਗੂ ਜ਼ੈਲ ਸਿੰਘ ਚੱਪਾ ਅੜਿੱਕੀ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਅਤੇ ਇਸ ਮਸਲੇ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂਹਰਸਹਾਏ ਬਲਾਕ ਦੇ ਵੱਡੀ ਗਿਣਤੀ ਪਿੰਡਾਂ ਦੇ ਮਨਰੇਗਾ ਮਸਲਿਆਂ ਦਾ ਹੱਲ ਕਰਵਾਉਣ ਲਈ ਅਤੇ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਮਨਰੇਗਾ ਕੰਮਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਉਣ ਲਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬੀ. ਡੀ. ਪੀ. ਓ. ਦਫਤਰ ਦੇ ਸਬੰਧਤ ਅਧਿਕਾਰੀਆਂ ਨੂੰ ਕਾਫੀ ਵਾਰ ਡੈਪੂਟੇਸ਼ਨ ਮਿਲ ਚੁੱਕੇ ਹਾਂ ਪਰ ਅਧਿਕਾਰੀਆਂ ਵਲੋਂ ਮਨਰੇਗਾ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਪਿੰਡਾਂ ਦੇ ਮਜ਼ਦੂਰਾਂ ਅਤੇ ਆਗੂਆਂ ਨੂੰ ਲਾਰੇ ਲੱਪੇ ਲਾਏ ਗਏ ਹਨ, ਇਸ ਕਰਕੇ 18 ਦਸੰਬਰ ਨੂੰ ਬਲਾਕ ਜਥੇਬੰਦਕ ਕਮੇਟੀ ਗੁਰੂਹਰਸਹਾਏ ਦੇ ਆਗੂਆਂ ਨੇ ਪਿੰਡਾਂ ਦੇ ਮੇਨ ਵਰਕਰਾਂ ਨੂੰ ਨਾਲ ਲੈ ਕੇ ਬੀ. ਡੀ. ਪੀ. ਓ. ਗੁਰੂਹਰਸਹਾਏ ਨੂੰ ਇਕ ਭਰਵਾਂ ਡੈਪੂਟੇਸ਼ਨ ਮਿਲਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਜਦੋਂ ਬੀ. ਡੀ. ਪੀ. ਓ. ਗੁਰੂਹਰਸਹਾਏ ਨੂੰ ਮਿਲਣ ਲਈ ਯੂਨੀਅਨ ਦਾ ਵਫ਼ਦ ਵੱਡੀ ਗਿਣਤੀ ਵਿਚ ਦਫਤਰ ਪੁੱਜਾ ਤਾਂ ਬੀ. ਡੀ. ਪੀ. ਓ. ਦੇ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਏ. ਪੀ. ਓ. ਵੀ ਬਾਹਰ ਗਏ ਸਨ। ਅਧਿਕਾਰੀਆਂ ਦੇ ਦਫਤਰ ਨਾ ਮਿਲਣ ਦੇ ਰੋਸ ਵਜੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।